ਐੱਨ.ਪੀ. ਧਵਨ
ਪਠਾਨਕੋਟ, 9 ਮਾਰਚ
ਪਿੰਡ ਬੁੰਗਲ ਦੇ ਵਾਰਡ ਨੰਬਰ 4 ਦੇ ਪੁਰੀਆਂ ਮੁਹੱਲੇ ਦੇ ਗਰੀਬ ਪਰਿਵਾਰ ਦਾ ਕੱਚਾ ਮਕਾਨ ਖਸਤਾ ਹਾਲਤ ਹੋਣ ਕਾਰਨ ਢਹਿ ਗਿਆ।
ਵਾਰਡ ਮੈਂਬਰ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਪੀੜਤ ਤ੍ਰਿਸ਼ਲਾ ਦੇਵੀ ਆਪਣੇ 2 ਬੱਚਿਆਂ ਨਾਲ ਇਸ ਕੱਚੇ ਮਕਾਨ ਵਿੱਚ ਰਹਿ ਰਹੀ ਹੈ ਅਤੇ ਉਸ ਦਾ ਪਤੀ ਮੋਹਨ ਲਾਲ ਰੋਜ਼ੀ-ਰੋਟੀ ਕਮਾਉਣ ਲਈ ਸੂਬੇ ਤੋਂ ਬਾਹਰ ਕੰਮ ਕਰਨ ਗਿਆ ਹੋਇਆ ਹੈ। ਇਨ੍ਹਾਂ ਦੇ ਕੱਚੇ ਮਕਾਨ ਦੀ ਰਿਪੇਅਰ ਵਾਸਤੇ ਗਰਾਂਟ ਲੈਣ ਲਈ ਕਈ ਵਾਰ ਪੀੜਤ ਪਰਿਵਾਰ ਪ੍ਰਸ਼ਾਸਨ ਅਤੇ ਸਰਕਾਰ ਦੇ ਅੱਗੇ ਅਰਜ਼ੋਈ ਕਰ ਚੁੱਕਿਆ ਹੈ ਪਰ ਅੱਜ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਮਕਾਨ ਦੀ ਹਾਲਤ ਜ਼ਿਆਦਾ ਖਸਤਾ ਹੋਣ ਕਾਰਨ ਬੀਤੀ ਸ਼ਾਮ ਮਕਾਨ ਦੀ ਇੱਕ ਦੀਵਾਰ ਡਿੱਗ ਗਈ ਤਦ ਤ੍ਰਿਸ਼ਲਾ ਦੇਵੀ ਤੇ ਉਸ ਦੇ ਦੋਨੋਂ ਬੱਚੇ ਵਿਹੜੇ ਵਿੱਚ ਬੈਠੇ ਹੋਏ ਸਨ। ਇਸ ਕਰਕੇ ਉਹ ਵਾਲ-ਵਾਲ ਬਚ ਗਏ ਪਰ ਮਕਾਨ ਡਿੱਗਣ ਨਾਲ ਉਹ ਪੂਰੀ ਤਰ੍ਹਾਂ ਨਾਲ ਬੇਘਰ ਹੋ ਗਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਰਥਿਕ ਹਾਲਤ ਨੂੰ ਦੇਖਦੇ ਹੋਏ ਪੀੜਤ ਪਰਿਵਾਰ ਦੀ ਮੱਦਦ ਕੀਤੀ ਜਾਵੇ।