ਗੁਰਬਖਸ਼ਪੁਰੀ
ਤਰਨ ਤਾਰਨ, 21 ਜੂਨ
ਜ਼ਿਲ੍ਹਾ ਪੁਲੀਸ ਨੇ ਕਰੀਬ ਦੋ ਮਹੀਨੇ ਪਹਿਲਾਂ ਤਰਨ ਤਾਰਨ ਸ਼ਹਿਰ ਦੇ ਜਿਊਲਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਚਾਰ ਮੈਂਬਰੀ ਲੁਟੇਰਾ ਗਰੋਹ ਦੇ ਇੱਕ ਮੈਂਬਰ ਨੂੰ ਅੱਜ ਪਿਸਤੌਲ ਅਤੇ ਤਿੰਨ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਲੁਟੇਰੇ ਦੀ ਸ਼ਨਾਖ਼ਤ ਦਿਲਰਾਜ ਸਿੰਘ ਰਾਜ ਵਾਸੀ ਚੋਹਲਾ ਸਾਹਿਬ ਦੇ ਤੌਰ ’ਤੇ ਕੀਤੀ ਗਈ ਹੈ| ਉਸ ਦੇ ਫ਼ਰਾਰ ਚੱਲ ਰਹੇ ਸਾਥੀ ਲੁਟੇਰਿਆਂ ਵਿੱਚ ਗੁਰਸਿਮਰਨ ਸਿੰਘ ਸਿੰਮਾ ਵਾਸੀ ਭੈਲ ਢਾਏ ਵਾਲਾ, ਹਰਮਨ ਸਿੰਘ ਵਾਸੀ ਕੱਕਾ ਕੰਡਿਆਲਾ ਅਤੇ ਸਿਮਰ ਸਿੰਘ ਵਾਸੀ ਮੁਹੱਲਾ ਨਾਨਕਸਰ ਤਰਨ ਤਾਰਨ ਸ਼ਾਮਲ ਹਨ| ਜਿਊਲਰ ਗੁਰਮੀਤ ਸਿੰਘ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਪਹਿਲਾਂ ਦਾ ਹੀ ਦਰਜ ਕੀਤਾ ਹੋਇਆ ਹੈ| ਜਿਊਲਰ ਗੁਰਮੀਤ ਸਿੰਘ ਵੱਲੋਂ ਦਿਖਾਈ ਦਲੇਰੀ ਕਰ ਕੇ ਨਾ ਸਿਰਫ਼ ਉਹ ਆਪਣੇ ਲੱਖਾਂ ਰੁਪਏ ਦੇ ਗਹਿਣਿਆਂ ਨੂੰ ਲੁੱਟਣ ਤੋਂ ਬਚਾਅ ਸਕਿਆ ਸੀ ਬਲਕਿ ਉਹ ਆਪਣੀ ਜਾਨ ਵੀ ਬਚਾ ਗਿਆ ਸੀ|
ਐੱਸਐੱਸਪੀ ਨੇ ਹੋਰ ਦੱਸਿਆ ਕਿ ਸਥਾਨਕ ਸੀਆਈਏ ਸਟਾਫ਼ ਦੀ ਪੁਲੀਸ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਵਿੱਚ ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ਤੋਂ ਭੁੱਲਰ ਪਿੰਡ ਦੇ ਵਾਸੀ ਅੰਮ੍ਰਿਤਪਾਲ ਸਿੰਘ ਕਾਲੂ ਨੂੰ ਅੱਜ ਇੱਕ ਪਿਸਤੌਲ ਅਤੇ ਦੋ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਹੈ| ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਅਸਲਾ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ|