ਖੇਤਰੀ ਪ੍ਰਤੀਨਿਧ
ਬਟਾਲਾ, 28 ਜੁਲਾਈ
ਪੁਲੀਸ ਨੇ ਆਰਮਜ਼ ਐਕਟ ਤਹਿਤ ਦਰਜ ਕੀਤੇ ਗਏ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਕੋਲੋਂ ਪੁਲੀਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੌਰਾਨ ਵਿਦੇਸ਼ੀ ਨਾਜਾਇਜ਼ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੱਸਣਯੋਗ ਹੈ ਕਿ ਲੰਘੀ 24 ਜੁਲਈ ਨੂੰ ਨਾਰਕੋਟਿਕ ਸੈੱਲ ਬਟਾਲਾ-2 ਦੀ ਪੁਲੀਸ ਪਾਰਟੀ ਵੱਲੋਂ ਕਾਰ ਸਵਾਰ ਦੋ ਨੌਜਵਾਨਾਂ ਦਿਲਪ੍ਰੀਤ ਸਿੰਘ ਵਾਸੀ ਪਿੰਡ ਅੰਮੋਨੰਗਲ ਅਤੇ ਕੁਲਤਾਰ ਸਿੰਘ ਵਾਸੀ ਪਿੰਡ ਨੱਤ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਸਨ। ਪੁਲੀਸ ਵੱਲੋਂ ਅਦਾਲਤ ਕੋਲੋਂ ਮੁਲਜ਼ਮਾਂ ਦਾ ਰਿਮਾਂਡ ਲਿਆ ਗਿਆ ਸੀ। ਪੁਲੀਸ ਨੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬ੍ਰਾਜ਼ੀਲ ਦਾ ਬਣਿਆ ਪਿਸਤੌਲ, ਮੈਗਜ਼ੀਨ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ।