ਲਖਨਪਾਲ ਸਿੰਘ
ਮਜੀਠਾ, 30 ਅਕਤੂਬਰ
ਇੱਥੇ ਸੋਹੀਆ ਰੋਡ ’ਤੇ ਗੁੱਜਰਾਂ ਦੇ ਕੁੱਲੇ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਨੇੜੇ ਗੁੱਜਰਾਂ ਨੇ ਚਾਰ ਕੁੱਲੇ ਬਣਾਏ ਹੋਏ ਹਨ, ਜਿਨ੍ਹਾਂ ਵਿੱਚੋਂ ਕਾਜੂ ਦੀਨ ਪੁੱਤਰ ਮੀਰਾ ਬਖ਼ਸ਼ ਦੇ ਕੁੱਲੇ ਨੂੰ ਅੱਜ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ 100 ਏਕੜ ਦੀ ਇਕੱਠੀ ਕੀਤੀ ਪਰਾਲੀ ਤੇ ਕੁੱਲੇ ਸਮੇਤ ਘਰ ਦਾ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਸੂਚਨਾ ਮਿਲਦੇ ਹੀ ਐੱਸਡੀਐੱਮ ਮਜੀਠਾ ਅਲਕਾ ਕਾਲੀਆ, ਨਾਇਬ ਤਹਿਸੀਲਦਾਰ ਜਸਬੀਰ ਸਿੰਘ, ਐੱਸਐੱਚਓ ਮਜੀਠਾ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਲਈ ਬਟਾਲਾ, ਡੇਰਾ ਬਾਬਾ ਨਾਨਕ ਤੇ ਅੰਮ੍ਰਿਤਸਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਪਰ ਗੱਡੀਆਂ ਦੇ ਪਹੁੰਚਣ ਤੱਕ ਕਾਜੂ ਦੀਨ ਦਾ ਕੁੱਲਾ ਤੇ ਹੋਰ ਸਾਮਾਨ ਅੱਗ ਦੀ ਲਪੇਟ ’ਚ ਆ ਚੁੱਕਿਆ ਸੀ ਪ੍ਰੰਤੂ ਫਾਇਰ ਬ੍ਰਿਗੇਡ ਨੇ ਅੱਗ ਨੂੰ ਹੋਰਨਾਂ ਗੁੱਜਰਾਂ ਦੇ ਕੁੱਲਿਆਂ ਵੱਲ ਵਧਣ ਤੋਂ ਰੋਕ ਲਿਆ। ਕਾਜੂ ਦੀਨ ਨੇ ਅੱਗ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਦੱਸਿਆ ਕਿ ਉਸ ਦੇ ਕੁੱਲੇ ਵਿੱਚ ਰੱਖੇ ਡੇਢ ਲੱਖ ਰੁਪਏ ਨਕਦ, ਦੋ ਲੱਖ ਰੁਪਏ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ, 100 ਬੋਰੀਆਂ ਖਲ਼, ਟੋਕਾ, ਇੰਜਣ ਸਮੇਤ ਘਰ ਵਿੱਚ ਪਿਆ ਸਾਰਾ ਘਰੇਲੂ ਸਾਮਾਨ ਅਤੇ ਡੰਗਰਾਂ ਵਾਸਤੇ ਇਕੱਠੀ ਕੀਤੀ 100 ਏਕੜ ਦੀ ਦੋ ਲੱਖ ਰੁਪਏ ਕੀਮਤ ਦੀ ਪਰਾਲੀ ਵੀ ਅੱਗ ਦੀ ਭੇਟ ਚੜ੍ਹ ਗਈ।
ਐੱਸਡੀਐੱਮ ਮਜੀਠਾ ਅਲਕਾ ਕਾਲੀਆ ਤੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਅੱਗ ਨਾਲ ਹੋਏ ਸਾਰੇ ਨੁਕਸਾਨ ਦੀ ਸੂਚੀ ਬਣਾ ਕੇ ਮੁਆਵਜ਼ੇ ਲਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇ। ਪੀੜਤ ਕਾਜੂ ਦੀਨ ਮੁਤਾਬਕ ਅੱਗ ਲੱਗਣ ਦਾ ਕਾਰਨ ਉਨ੍ਹਾਂ ਦੇ ਕੁੱਲੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ’ਚ ਸ਼ਾਰਟ ਸਰਕਟ ਹੋਣਾ ਹੈ। ਊੱਧਰ, ਇਸ ਸਬੰਧ ਵਿੱਚ ਪਾਵਰਕੌਮ ਦੇ ਸਬੰਧਤ ਐੱਸਡੀਓ ਸੁਖਜਿੰਦਰ ਸਿੰਘ ਨੇ ਕਿਹਾ ਕਿ ਇਹ ਗੁੱਜਰ ਬਿਜਲੀ ਦੀ ਚੋਰੀ ਕਰਨ ਲਈ ਉੱਪਰੋਂ ਲੰਘਦੀਆਂ ਤਾਰਾਂ ਨਾਲ ਛੇੜਛਾੜ ਕਰਦੇ ਹਨ, ਜਿਸ ਕਰ ਕੇ ਇਨ੍ਹਾਂ ਖ਼ਿਲਾਫ਼ ਬਿਜਲੀ ਚੋਰੀ ਦੀ ਰਿਪੋਰਟ ਵੀ ਪੁਲੀਸ ਕੋਲ ਦਰਜ ਕੀਤੀ ਗਈ ਹੈ ਤੇ ਇਨ੍ਹਾਂ ਨੂੰ 19 ਅਕਤੂਬਰ 2020 ਨੂੰ ਬਿਜਲੀ ਚੋਰੀ ਕਰਨ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।