ਤਰਨ ਤਾਰਨ: ਪਿੰਡ ਕੋਟ ਧਰਮ ਚੰਦ ਕਲਾਂ ਦੇ ਇੱਕ ਵਸਨੀਕ ਨੇ ਪਰਿਵਾਰ ਦੀ ਸਾਂਝੀ ਜਾਇਦਾਦ ਹੜੱਪਣ ਲਈ ਜਾਅਲੀ ਸਰਕਾਰੀ ਦਸਤਾਵੇਜ਼ ਤਿਆਰ ਕਰਨ ਸਬੰਧੀ ਕੀਤੀ ਸ਼ਿਕਾਇਤ ’ਤੇ ਪੁਲੀਸ ਨੇ ਕਾਰਵਾਈ ਕੀਤੀ ਹੈ| ਇਸ ਸਬੰਧੀ ਪੁਲੀਸ ਨੇ ਮਾਮਲੇ ਦੀ ਮੁੱਢਲੀ ਜਾਂਚ ਕਰ ਕੇ ਸ਼ਿਕਾਇਤਕਰਤਾ ਮਨਜੀਤ ਸਿੰਘ ਦੇ ਭਰਾ ਜਸਬੀਰ ਸਿੰਘ ਅਤੇ ਭਤੀਜੇ (ਜਸਬੀਰ ਸਿੰਘ ਦੇ ਲੜਕੇ) ਬੂਟਾ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ| ਮਨਜੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਭਰਾ ਨੇ ਪਿਤਾ ਦੇ ਬੈਂਕ ਖਾਤੇ ਵਿੱਚੋਂ ਜਮ੍ਹਾਂ ਪੈਸੇ ਕਢਵਾਉਣ ਤੇ ਪਰਿਵਾਰ ਦੀ ਜਾਇਦਾਦ ਖੁਦ ਹੜੱਪਣ ਲਈ ਪਿਤਾ ਦੇ ਨਾਂ ਦਾ ਅਸ਼ਟਾਮ ਖਰੀਦ ਕੇ ਗਲਤ ਵਸੀਅਤ ਤਿਆਰ ਕੀਤੀ| ਇਸ ਕੇਸ ਦੀ ਮੁੱਢਲੀ ਜਾਂਚ ਸਪੈਸ਼ਲ ਕਰਾਈਮ ਸੈੱਲ ਪੀਬੀਆਈ ਦੇ ਡੀਐੱਸਪੀ ਨੇ ਕੀਤੀ| -ਪੱਤਰ ਪ੍ਰੇਰਕ