ਪੱਤਰ ਪ੍ਰੇਰਕ
ਤਰਨ ਤਾਰਨ, 29 ਅਕਤੂਬਰ
ਥਾਣਾ ਪੱਟੀ ਸਦਰ ਦੇ ਏਐੱਸਆਈ ਨਿਰਮਲ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਸਰਹੱਦੀ ਖੇਤਰ ਦੇ ਪਿੰਡ ਜੰਡ ਤੇ ਮਾਹਨੇਕੇ ਦੇ ਸੱਤ ਕਿਸਾਨਾਂ ਖ਼ਿਲਾਫ਼ ਆਪਣੇ ਖੇਤਾਂ ਵਿੱਚੋਂ ਰੇਤੇ ਦੀ ਗੈਰ- ਕਾਨੂੰਨੀ ਤੌਰ ’ਤੇ ਮਾਈਨਿੰਗ ਕਰਵਾਉਣ ਦੇ ਦੋਸ਼ਾਂ ਅਧੀਨ ਇਕ ਕੇਸ ਦਰਜ ਕੀਤਾ ਹੈ| ਪੁਲੀਸ ਨੇ ਇਸ ਸਬੰਧੀ ਅੱਜ ਇੱਥੇ ਦੱਸਿਆ ਕਿ ਮੁਲਜ਼ਮਾਂ ਵਿੱਚ ਗੁਰਸੇਵਕ ਸਿੰਘ, ਰਛਪਾਲ ਸਿੰਘ, ਗੁਰਨੇਕ ਸਿੰਘ, ਦਰਸ਼ਨ ਸਿੰਘ ਦਰਸ਼ਾ, ਗੁਰਲਾਲ ਸਿੰਘ, ਸੁਖਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਦੇ ਨਾਮ ਸ਼ਾਮਲ ਹਨ| ਇਨ੍ਹਾਂ ਵਿੱਚੋਂ ਗੁਰਸੇਵਕ ਸਿੰਘ ਇਕੱਲਾ ਮਾਹਨੇਕੇ ਅਤੇ ਬਾਕੀ ਦੇ ਸਾਰੇ ਜੰਡ ਪਿੰਡ ਦੇ ਵਸਨੀਕ ਹਨ| ਪੁਲੀਸ ਨੇ ਮੌਕੇ ਤੋਂ ਰੇਤੇ ਨਾਲ ਭਰੀ ਇਕ ਟਰਾਲੀ ਕਬਜ਼ੇ ਵਿੱਚ ਲਈ ਹੈ| ਪੁਲੀਸ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਗੈਰ ਕਾਨੂੰਨੀ ਤੌਰ ’ਤੇ ਰੇਤੇ ਦੀ ਮਾਈਨਿੰਗ ਕਰਵਾਈ ਜਾ ਰਹੀ ਸੀ|
ਦੂਜੇ ਪਾਸੇ ਪੀੜਤ ਧਿਰ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਇਕ ਕਿਸਾਨ ਦੇ ਖੇਤਾਂ ਵਿੱਚੋਂ ਰੇਤੇ ਦੀ ਭਰੀ ਇਕ ਟਰਾਲੀ ਨੂੰ ਕਬਜ਼ੇ ਵਿੱਚ ਲਏ ਜਾਣ ’ਤੇ ਸੱਤ ਕਿਸਾਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਜਾਣ ਦੀ ਕਹਾਣੀ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ| ਇਸ ਸਬੰਧੀ ਪੁਲੀਸ ਨੇ ਸੱਤਾਂ ਮੁਲਜ਼ਮਾਂ ਵਿਰੁੱਧ ਮਾਈਨਿੰਗ ਤੇ 379 ਫੌਜਦਾਰੀ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ|