ਪੱਤਰ ਪ੍ਰੇਰਕ
ਤਰਨ ਤਾਰਨ, 5 ਫਰਵਰੀ
ਭਿੱਖੀਵਿੰਡ ਖੇਤਰ ਦੇ ਪਿੰਡ ਸਿੰਘਪੁਰਾ ਦਾ ਵਿਅਕਤੀ ਛੇ ਮਹੀਨਿਆਂ ਤੋਂ ਗੁੰਮ ਹੋਈ ਨਾਬਾਲਗ ਧੀ ਦੀ ਭਾਲ ਵਿੱਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ| 45 ਕੁ ਸਾਲ ਦੇ ਪੀੜਤ ਨੇ ਅੱਜ ਦੱਸਿਆ ਕਿ ਆਪਣੇ ਰਿਸ਼ਤੇਦਾਰਾਂ ਰਾਹੀਂ ਉਸ ਦੇ ਜਾਣਕਾਰ ਬਣੇ ਪੱਟੀ ਤੋਂ ਆਪ ਆਗੂ ਪ੍ਰਵੀਨ ਕੁਮਾਰ, ਉਸ ਦੀ ਪਤਨੀ ਕਿਰਨ ਕੌਰ, ਮੱਲੂਵਾਲ ਦੇ ਵਾਸੀ ਸੀਮਾ ਸੇਮਾ ਅਤੇ ਬਰੇਲੀ (ਉੱਤਰ ਪ੍ਰਦੇਸ਼) ਦੇ ਵਾਸੀ ਸਚਿਨ ਭਸੀਨ ਨੇ ਉਸ ਧੀ ਨੂੰ ਕੰਮ ‘ਤੇ ਲਗਾਉਣ ਦਾ ਝਾਂਸਾ ਦਿੱਤਾ ਸੀ| ਪਿਛਲੇ ਸਾਲ ਜੁਲਾਈ ਵਿੱਚ ਆਪ ਆਗੂ ਪ੍ਰਵੀਨ ਕੁਮਾਰ, ਉਸ ਦੀ ਪਤਨੀ ਕਿਰਨ ਕੌਰ (ਐੱਫ਼ਆਈਆਰ ਵਿੱਚ ਦਰਜ ਅਨੁਸਾਰ) ਦੇ ਘਰ ਆਪਣੀ ਧੀ ਨੂੰ ਘਰ ਛੱਡ ਆਇਆ| ਪੀੜਤ ਨੂੰ ਉਸ ਦੀ ਲੜਕੀ ਨੇ ਪਿਛਲੇ ਸਾਲ 20 ਸਤੰਬਰ ਨੂੰ ਫੋਨ ਕਰਕੇ ਉਸ ਨੂੰ ਵਾਪਸ ਲੈ ਜਾਣ ਦਾ ਤਰਲਾ ਲਿਆ| ਉਸ ਦੇ ਬਾਅਦ 22 ਸਤੰਬਰ ਤੋਂ ਲੜਕੀ ਦਾ ਫੋਨ ਬੰਦ ਹੋ ਗਿਆ| ਪੀੜਤ ਨੇ ਕਿਹਾ ਕਿ ਉਸ ਨੇ ਇਸ ਸਬੰਧੀ ਪ੍ਰਵੀਨ ਕੁਮਾਰ ਅਤੇ ਕਿਰਨ ਕੌਰ ਨਾਲ ਪੱਟੀ ਜਾ ਕੇ ਗੱਲੀ ਕੀਤੀ ਤਾਂ ਉਹ ਟਾਲਮਟੋਲ ਕਰਦੇ ਆ ਰਹੇ ਹਨ| ਉਸ ਨੇ ਦੱਸਿਆ ਕਿ ਉਹ ਪਿਛਲੇ ਚਾਰ ਮਹੀਨਿਆਂ ਤੋਂ ਭਿੱਖੀਵਿੰਡ, ਪੱਟੀ ਅਤੇ ਬਰੇਲੀ (ਉੱਤਰ ਪ੍ਰਦੇਸ਼) ਦੀ ਪੁਲੀਸ ਤੱਕ ਪਹੁੰਚ ਕਰ ਚੁੱਕਿਆ ਹੈ ਪਰ ਉਸ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਥਾਣਾ ਪੱਟੀ ਦੀ ਸਿਟੀ ਪੁਲੀਸ ਦੇ ਅਧਿਕਾਰੀ ਸਬ ਇੰਸਪੈਕਟਰ ਹਰਦਿਆਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਆਪ ਆਗੂ ਪ੍ਰਵੀਨ ਕੁਮਾਰ , ਉਸ ਦੀ ਪਤਨੀ ਕਿਰਨ ਕੌਰ, ਸੇਮਾ ਅਤੇ ਸਚਿਨ ਭਸੀਨ ਖਿਲਾਫ਼ ਸਨਿਚਰਵਾਰ ਨੂੰ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਆਪਣੇ ਘਰੋਂ ਫਰਾਰ ਚਲ ਰਹੇ ਹਨ|