ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 20 ਜੂਨ
ਸਰਕਾਰੀ ਸਕੂਲਾਂ ਵਿੱਚ ਖਾਲੀ ਮਾਸਟਰ ਕਾਡਰ ਦੀਆਂ ਅਸਾਮੀਆਂ ਨੂੰ ਭਰਨ ਲਈ ਅੱਜ ਅਧਿਆਪਕਾਂ ਦਾ ਲਿਖਤੀ ਟੈਸਟ ਲਿਆ ਗਿਆ, ਜਿਸ ਵਿੱਚ 958 ਅਧਿਆਪਕਾਂ ਨੇ ਲਿਖਤੀ ਪ੍ਰੀਖਿਆ ਦਿੱਤੀ। ਇਸ ਸਬੰਧੀ ਦਾਖਲਾ ਮੁਹਿੰਮ ਪੰਜਾਬ ਦੇ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਅਤੇ ਸੰਜੀਵ ਭੂਸ਼ਣ ਜ਼ਿਲ਼੍ਹਾ ਨੋਡਲ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਵਿਭਾਗ ਵਲੋਂ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਲਈ ਅੱਜ ਹੋਏ ਟੈਸਟ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਟਾਊਨ ਹਾਲ ਅਤੇ ਖਾਲਸਾ ਕਾਲਜੀਏਟ ਹਾਈ ਸਕੂਲ ਅੰਮ੍ਰਿਤਸਰ ਚਾਰ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਜਿਥੇ ਪ੍ਰੀਖਿਆ ਦੇਣ ਲਈ 828 ਉਮੀਦਵਾਰਾਂ ਵਲੋਂ ਆਪਣਾ ਨਾਮ ਦਰਜ ਕੀਤਾ ਗਿਆ ਸੀ, ਪਰ ਅੱਜ ਹੋਈ ਪ੍ਰੀਖਿਆ ਵਿੱਚ 744 ਉਮੀਦਵਾਰ ਹਾਜ਼ਰ ਰਹੇ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਸਮੇਂ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੇ ਟੈਸਟ ਲਈ 214 ਪ੍ਰੀਖਿਆਰਥੀਆਂ ਨੇ ਲਿਖਤੀ ਟੈਸਟ ਵਿੱਚ ਹਿੱਸਾ ਲਿਆ। ਉਧਰ ਜ਼ਿਲ੍ਹਾ ਪੱਧਰੀ ਪ੍ਰੀਖਿਆ ਕੇਂਦਰਾਂ ਦਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਤੇ ਸੁਸ਼ੀਲ ਕੁਮਾਰ ਤੁਲੀ ਸਿੱਖਿਆ ਅਫਸਰ (ਐ.ਸਿ) ਸਣੇ ਹੋਰਨਾਂ ਵੱਲੋਂ ਦੌਰਾ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਦੇ ਸ਼ਾਂਤਮਈ ਮਾਹੌਲ ਵਿੱਚ ਹੋਈ ਹੋਈ।