ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਅਗਸਤ
ਦੇਸ਼ ਦੇ 75 ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਕਾਂਗਰਸ ਵੱਲੋਂ ਅੱਜ ਇੱਥੇ ਦੱਖਣੀ ਵਿਧਾਨ ਸਭਾ ਹਲਕੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਵੱਖ -ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿਖੇ ਜਾ ਕੇ ਸਮਾਪਤ ਹੋਈ।
ਇਹ ਤਿਰੰਗਾ ਯਾਤਰਾ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਕੱਢੀ ਗਈ ਜਿਸ ਵਿੱਚ ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਤੇ ਹੋਰ ਕਾਂਗਰਸੀ ਆਗੂ ਸ਼ਾਮਲ ਸਨ। ਤਿਰੰਗਾ ਯਾਤਰਾ ਵਿੱਚ ਸ਼ਾਮਲ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਤਿਰੰਗੇ ਝੰਡੇ ਝੰਡੇ ਚੁੱਕੇ ਹੋਏ ਸਨ ਅਤੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਾ ਰਹੇ ਸਨ।
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਤਹਿਤ ‘ਆਜ਼ਾਦੀ ਕੀ ਗੌਰਵ ਯਾਤਰਾ’ ਪ੍ਰੋਗਰਾਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਹਲਕਾ ਮਜੀਠਾ ਦੇ ਕਸਬਾ ਕੱਥੂਨੰਗਲ ਤੋਂ ਚਵਿੰਡਾ ਦੇਵੀ ਤੱਕ ਤਿਰੰਗਾ ਪੈਦਲ ਮਾਰਚ ਕੱਢਿਆ ਗਿਆ। ਇਸ ਮੌਕੇ ਭਗਵੰਤ ਪਾਲ ਸਿੰਘ ਸੱਚਰ ਅਤੇ ਗੁਰਮੀਤ ਸਿੰਘ ਭੀਲੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੀ ਹਾਈ ਕਮਾਂਡ ਜੋ ਵੀ ਪ੍ਰੋਗਰਾਮ ਦੇਵੇਗੀ, ਉਸ ਨੂੰ ਪਿੰਡ-ਪਿੰਡ ਘਰ -ਘਰ ਪਹੁੰਚਾਇਆ ਜਾਵੇਗਾ।
ਇਸ ਮੌਕੇ ਭੁਪਿੰਦਰ ਸਿੰਘ ਸੱਚਰ, ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਸਰਪੰਚ ਕੁਲਵਿੰਦਰ ਸਿੰਘ ਸਿੱਧਵਾਂ, ਸਰਪੰਚ ਝਿਲਮਿਲ ਸਿੰਘ ਸਾਧਪੁਰ, ਸਰਪੰਚ ਬਖ਼ਸ਼ੀਸ਼ ਸਿੰਘ ਉਦੋਕੇ, ਸਰਪੰਚ ਜੱਗੀ ਸਿੰਘ ਢਿੰਗਨੰਗਲ, ਸਰਪੰਚ ਵੀਰ ਸਿੰਘ ਚਾਟੀਵਿੰਡ, ਸਰਪੰਚ ਅਵਤਾਰ ਸਿੰਘ, ਦਲਜੀਤ ਸਿੰਘ ਭੋਏ ਅਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਅਜਨਾਲਾ (ਸੁਖਦੇਵ ਸਿੰਘ): ਪੰਜਾਬ ਕਾਂਗਰਸ ਦੇ ਸੱਦੇ ’ਤੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਾਂਗਰਸੀ ਵਰਕਰਾਂ ਨੇ ਤਿਰੰਗੇ ਝੰਡੇ ਫੜ ਕੇ ਅਜਨਾਲਾ ਸ਼ਹਿਰ ਅੰਦਰ ਤਿਰੰਗਾ ਮਾਰਚ ਕੀਤਾ। ਇਸ ਵਿੱਚ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਹ ਮਾਰਚ ਸ਼ਹਿਰ ਦੇ ਇੱਕ ਪਾਸੇ ਤੋਂ ਸ਼ੁਰੂ ਹੋ ਕੇ ਦੂਜੇ ਪਾਸੇ ਜਾ ਕੇ ਸਮਾਪਤ ਹੋਇਆ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਹਲਕਾ ਆਦਮਪੁਰ ਦੇ ਕਾਂਗਰਸ ਵਰਕਰਾਂ ਵੱਲੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਜ਼ਿਲ੍ਹਾ ਜਲੰਧਰ ਕਾਰਜਕਾਰੀ ਪ੍ਰਧਾਨ ਅਸ਼ਵਨ ਭੱਲਾ, ਯੂਥ ਕਾਂਗਰਸ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹਨੀ ਜੋਸ਼ੀ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਤਿਰੰਗਾ ਯਾਤਰਾ ਵਿਚ ਕਾਂਗਰਸੀ ਵਰਕਰਾਂ ਵੱਲੋਂ ਭਾਗ ਲੈਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਗੁਰਦੀਪ ਸਿੰਘ, ਮੁਕੱਦਰ ਲਾਲ, ਸਤਨਾਮ ਸਿੰਘ, ਜਤਿੰਦਰ ਆਵਲ ਆਦਿ ਹਾਜ਼ਰ ਸਨ।