ਬੇਅੰਤ ਸਿੰਘ ਸੰਧੂ
ਪੱਟੀ, 16 ਅਪਰੈਲ
ਨਜ਼ਦੀਕੀ ਪਿੰਡ ਬੱਠੈ ਭੈਣੀ ਵਿੱਚ ਅੱਜ ਦੁਪਹਿਰੇ ਮਸ਼ੀਨ ਨਾਲ ਕਣਕ ਵੱਢਣ ਮੌਕੇ ਲੱਗੀ ਅੱਗ ਨਾਲ ਤਿੰਨ ਕਿਸਾਨਾਂ ਦੀ ਕਰੀਬ ਸੱਤ ਤੋਂ ਅੱਠ ਏਕੜ ਕਣਕ ਸੜ ਗਈ। ਪੀੜਤ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਤੋਂ ਤਰੁੰਤ ਬਾਅਦ ਉਨ੍ਹਾਂ ਵੱਲੋਂ ਅੱਗ ਬੁਝਾਉਣ ਵਾਸਤੇ ਸਿਵਲ ਪ੍ਰਸ਼ਾਸਨ ਕੋਲੋਂ ਮੱਦਦ ਲੈਣ ਲਈ 100 ਨੰਬਰ ’ਤੇ ਫੋਨ ਰਾਹੀਂ ਕਈ ਵਾਰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਪਿੰਡ ਨਜ਼ਦੀਕ ਪੈਂਦੀ ਫੌਜੀ ਛਾਉਣੀ ਵਿੱਚੋਂ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਫੌਜੀ ਜਵਾਨਾਂ ਨੂੰ ਲਿਆਂਦਾ ਗਿਆ ਤਾਂ ਪਿੰਡ ਵਾਸੀਆਂ ਦੀ ਮੱਦਦ ਨਾਲ ਫੌਜੀ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ। ਪਿੰਡ ਵਾਸੀ ਕਿਸਾਨਾਂ ਨੇ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਗ ਨੂੰ ਬੁਝਾਉਣ ਲਈ ਸਿਵਲ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਅੱਗ ਨਾਲ ਨੁਕਸਾਨੀ ਗਈ ਫ਼ਸਲ ਤੋਂ ਪ੍ਰਭਾਵਿਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਸੂਬਾ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।