ਪੱਤਰ ਪ੍ਰੇਰਕ
ਧਾਰੀਵਾਲ, 16 ਅਕਤੂਬਰ
ਫੌਜ ਵਿੱਚ ਸੀ.ਓ ਦੀ ਪੋਸਟ ’ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਧਾਰੀਵਾਲ ਦੀ ਪੁਲੀਸ ਨੇ ਪਤੀ-ਪਤਨੀ ਸਣੇ ਤਿੰਨ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੀੜਤ ਪਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਵੀਂ ਅਬਾਦੀ ਧਾਰੀਵਾਲ ਨੇ ਇਨਸਾਫ ਦੀ ਮੰਗ ਕਰਦਿਆਂ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਸ਼ੁਬੇਗ ਸਿੰਘ ਪੁੱਤਰ ਅਮਰੀਕ ਸਿੰਘ, ਅਮਨਪ੍ਰੀਤ ਕੌਰ ਪਤਨੀ ਸ਼ੁਬੇਗ ਸਿੰਘ ਵਾਸੀਆਨ ਬੱਲ ਅਤੇ ਹਰਮਨਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਭੋਪਾਲਪੁਰ ਥਾਣਾ ਨਰੋਟ ਜੈਮਲ ਸਿੰਘ ਜ਼ਿਲ੍ਹਾ ਪਠਾਨਕੋਟ ਵੱਲੋਂ ਆਪਸ ਵਿੱਚ ਮਿਲੀਭੁਗਤ ਕਰਕੇ ਉਸ (ਪਰਮਜੀਤ ਸਿੰਘ) ਦੀ ਨੂੰਹ ਰਜਵੰਤ ਕੌਰ ਨੂੰ ਫੌਜ ਵਿੱਚ ਸੀ.ਓ. ਦੀ ਪੋਸਟ ’ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 60 ਲੱਖ ਰੁਪਏ ਲਏ ਸਨ। ਇਨ੍ਹਾਂ ਨੇ ਉਸ ਦੀ ਨੂੰਹ ਨੂੰ ਆਰਮੀ ਵਿੱਚ ਸੀ.ਓ. ਦੀ ਨੌਕਰੀ ਵੀ ਨਹੀਂ ਦਿਵਾਈ ਅਤੇ ਨਾ ਹੀ ਪੈਸੇ ਵਾਪਿਸ ਕੀਤੇ ਹਨ। ਇਨ੍ਹਾਂ ਤਿੰਨਾਂ ਜਣਿਆਂ ਨੇ ਮਿਲੀ ਭੁਗਤ ਕਰਕੇ ਉਸ ਨਾਲ 60 ਲੱਖ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਧਾਰੀਵਾਲ ਦੇ ਮੁਖੀ ਸਬ ਇੰਸਪੈਕਟਰ ਸਰਬਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਪਤਾਨ ਪੁਲੀਸ (ਇਨਵੈਸਟੀਗੇਸ਼ਨ) ਗੁਰਦਾਸਪੁਰ ਵੱਲੋਂ ਕਰਨ ਮਗਰੋਂ ਥਾਣਾ ਧਾਰੀਵਾਲ ਵਿੱਚ ਪਰਮਜੀਤ ਸਿੰਘ ਦੇ ਬਿਆਨਾਂ ਦੇ ਅਨੁਸਾਰ ਸ਼ੁਬੇਗ ਸਿੰਘ ਤੇ ਅਮਨਪ੍ਰੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਵਿਰੁੱਧ ਧਾਰਾ 420, 120-ਬੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।