ਪਠਾਨਕੋਟ (ਪੱਤਰ ਪ੍ਰੇਰਕ) ਥਾਣਾ ਸੁਜਾਨਪੁਰ ਦੀ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 2 ਔਰਤਾਂ ਕੋਲੋਂ 5-5 ਕਿਲੋਗਰਾਮ ਭੁੱਕੀ ਬਰਾਮਦ ਕੀਤੀ ਹੈ। ਦੋਹਾਂ ਖ਼ਿਲਾਫ਼ ਥਾਣਾ ਸੁਜਾਨਪੁਰ ਵਿੱਚ ਐਨਡੀਪੀਐਸ ਐਕਟ ਤਹਿਤ 2 ਮਾਮਲੇ ਦਰਜ ਕੀਤੇ ਗਏ ਹਨ। ਪਹਿਲੇ ਮਾਮਲੇ ਬਾਰੇ ਥਾਣਾ ਮੁਖੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਰਾਮ ਭਜਨ ਪੁਲੀਸ ਪਾਰਟੀ ਸਮੇਤ ਅਜੀਜ਼ਪੁਰ, ਫਿਰੋਜ਼ਪੁਰ ਆਦਿ ਨੂੰ ਗਸ਼ਤ ਕਰਦੇ ਜਾ ਰਹੇ ਸਨ ਕਿ ਜਦੋਂ ਪੁਲੀਸ ਪਾਰਟੀ ਟੀ-ਪੁਆਇੰਟ ਅਜੀਜ਼ਪੁਰ ਕੋਲ ਪੁੱਜੀ ਤਾਂ ਫਿਰੋਜ਼ਪੁਰ ਕਲਾਂ ਦੀ ਤਰਫੋਂ ਸੜਕੇ ਕਿਨਾਰੇ ਇੱਕ ਔਰਤ ਪੈਦਲ ਆਉਂਦੀ ਦਿਖਾਈ ਦਿੱਤੀ। ਜਿਸ ਨੇ ਇੱਕ ਬੋਰੀ ਪਲਾਸਟਿਕ ਦੀ ਚੁੱਕੀ ਹੋਈ ਸੀ। ਜਿਸ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਬੋਰੀ ਨੂੰ ਸੜਕ ਦੇ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ ਅੇ ਪਿੱਛੇ ਮੁੜ ਗਈ ਪਰ ਪੁਲੀਸ ਨੇ ਸ਼ੱਕ ਪੈਣ ’ਤੇ ਉਸ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ। ਜਿਸ ਨੇ ਆਪਣਾ ਨਾਂ ਸਰਵਜੀਤ ਕੌਰ ਪਤਨੀ ਸਿਕੰਦਰ ਸਿੰਘ ਵਾਸੀ ਸ਼ੇਰਪੁਰ ਤਾਇਬਾ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਦੱਸਿਆ। ਝਾੜੀਆਂ ਵਿੱਚ ਸੁੱਟੀ ਪਲਾਸਟਿਕ ਦੀ ਬੋਰੀ ਨੂੰ ਚੁੱਕ ਕੇ ਚੰਗੀ ਤਰ੍ਹਾਂ ਚੈਕ ਕੀਤਾ ਗਿਆ ਤਾਂ ਜਿਸ ਵਿੱਚੋਂ 5 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਦੂਸਰੇ ਮਾਮਲੇ ਵਿੱਚ ਪੁਲੀਸ ਨੇ ਮਾਧੋਪੁਰ ਕੋਲ ਇੱਕ ਔਰਤ ਨੂੰ ਕਾਬੂ ਕੀਤਾ ਤੇ ਉਸ ਕੋਲੋਂ 5 ਕਿਲੋ ਭੁੱਕੀ ਬਰਾਮਦ ਕੀਤੀ। ਮੁਲਜ਼ਮ ਔਰਤ ਦਾ ਨਾਂ ਕਮਲਜੀਤ ਕੌਰ ਵਾਸੀ ਪਿੰਡ ਤਲਵੰਡੀ ਮੱਲੀਆਂ (ਅਜੀਤਵਾਲ) ਜ਼ਿਲ੍ਹਾ ਮੋਗਾ ਦੱਸਿਆ ਜਾ ਰਿਹਾ ਹੈ।