ਪੱਤਰ ਪ੍ਰੇਰਕ
ਪਠਾਨਕੋਟ, 2 ਅਕਤੂਬਰ
ਰੇਲਵੇ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 5 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਤਾਰਾਗੜ੍ਹ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 420, 406, 467, 468, 471 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮਨਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਢੋਲੋਵਾਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਪਹਾੜੋਚੱਕ ਵਿੱਚ ਪੀਰ ਬਾਬਾ ਦੀ ਦਰਗਾਹ ’ਤੇ ਜਾਂਦੀ ਸੀ। ਜਿਥੇ ਉਸ ਦੀ ਮੁਲਾਕਾਤ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਨਾਲ ਹੋਈ। ਜਿਸ ਨੇ ਉਸ ਨੂੰ ਕਿਹਾ ਕਿ ਉਹ ਬੇਰੁਜ਼ਗਾਰ ਲੜਕਿਆਂ ਨੂੰ ਸਰਕਾਰੀ ਨੌਕਰੀ ’ਤੇ ਲਗਾਉਂਦਾ ਹੈ। ਜਿਸ ’ਤੇ ਉਸ ਨੇ ਸੁਖਦੇਵ ਸਿੰਘ ਨੂੰ ਕਿਹਾ ਕਿ ਉਸ ਦਾ ਲੜਕਾ ਬੇਰੁਜ਼ਗਾਰ ਹੈ ਤਾਂ ਉਸ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਉਸ ਦੇ ਲੜਕੇ ਨੂੰ ਰੇਲਵੇ ਵਿੱਚ ਨੌਕਰੀ ਲਗਵਾ ਦੇਵੇਗਾ। ਇਸ ਕੰਮ ਲਈ ਉਸ ਨੇ 5 ਲੱਖ 50 ਹਜ਼ਾਰ ਰੁਪਏ ਮੰਗੇ ਤੇ ਉਸ ਨੇ 3 ਲੱਖ ਰੁਪਏ ਸੁਖਦੇਵ ਸਿੰਘ ਦੇ ਅਲੱਗ-ਅਲੱਗ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੇ। 15 ਅਗਸਤ ਨੂੰ ਸੁਖਦੇਵ ਸਿੰਘ ਨੇ ਉਸ ਦੇ ਲੜਕੇ ਨੂੰ ਦਿੱਲੀ ਬੁਲਾ ਲਿਆ ਤੇ ਉਸ ਨੂੰ ਅਪਾਇੰਟਮੈਂਟ ਲੈਟਰ ਟਿਕਟ ਕਲੈਕਟਰ ਗਰੁੱਪ-ਸੀ ਦੇ ਦਿੱਤਾ। ਫਿਰ ਉਸ ਨੇ ਬਾਕੀ ਰਹਿੰਦੇ ਪੈਸਿਆਂ ਦੀ ਮੰਗ ਕੀਤੀ। ਜਿਸ ’ਤੇ ਉਹ ਆਪਣੇ ਦਿਉਰ ਬਲਜਿੰਦਰ ਸਿੰਘ ਦੇ ਲੜਕੇ ਗੱਜਣ ਸਿੰਘ ਨਾਲ ਸੁਖਦੇਵ ਸਿੰਘ ਦੇ ਦਫ਼ਤਰ ਭੰਗਾਲਾ ਗਈ। ਜਿੱਥੇ ਸੁਖਦੇਵ ਸਿੰਘ ਨੂੰ ਬਾਕੀ ਰਹਿੰਦੇ 2 ਲੱਖ 50 ਹਜ਼ਾਰ ਰੁਪਏ ਦੇ ਦਿੱਤੇ। 31 ਅਗਸਤ ਨੂੰ ਸ਼ਾਮ ਵੇਲੇ ਉਸ ਨੂੰ ਦਿੱਲੀ ਤੋਂ ਫੋਨ ਆਇਆ ਕਿ ਤੁਹਾਡਾ ਲੜਕਾ ਜਾਅਲੀ ਦਸਤਾਵੇਜ਼ਾਂ ਨਾਲ ਫੜਿਆ ਗਿਆ ਹੈ, ਉਸ ਉਪਰ ਕੇਸ ਨੰਬਰ 77 ਦਰਜ ਹੋ ਚੁੱਕਾ ਹੈ ਤੇ ਉਸ ਦਾ ਲੜਕਾ ਜੁਡੀਸ਼ੀਅਲ ਕਸਟਡੀ ਦਿੱਲੀ ’ਚ ਬੰਦ ਹੈ। ਜਾਂਚ ਈਓ ਵਿੰਗ ਇੰਚਾਰਜ ਵੱਲੋਂ ਕਰਨ ਤੇ ਸੁਖਦੇਵ ਸਿੰਘ ਦੋਸ਼ੀ ਪਾਇਆ ਗਿਆ।