ਹਰਜੀਤ ਸਿੰਘ ਪਰਮਾਰ
ਬਟਾਲਾ, 11 ਅਗਸਤ
ਜਾਅਲੀ ਦਸਤਾਵੇਜ਼ਾਂ ਰਾਹੀਂ ਸਕੂਲ ਦੇ ਰਿਕਾਰਡ ਵਿੱਚ ਛੇੜ-ਛਾੜ ਕਰਕੇ ਸਕੂਲ ਦੇ ਖਜ਼ਾਨੇ ਨੂੰ ਕਥਿਤ ਤੌਰ ’ਤੇ 4.66 ਕਰੋੜ ਰੁਪਏ ਦਾ ਚੂਨਾ ਲਾਇਆ ਗਿਆ। ਇਸ ਮਾਮਲੇ ਵਿੱਚ ਸਿਟੀ ਪੁਲੀਸ ਨੇ ਤਿੰਨ ਸਕੂਲ ਮੁਲਾਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਡਾ. ਦੌਲਤ ਰਾਮ ਭੱਲਾ ਡੀਏਵੀ ਪਬਲਿਕ ਸਕੂਲ ਬਟਾਲਾ ਦੇ ਮੈਨੇਜਰ ਐੱਸਕੇ ਅਰੋੜਾ ਨੇ ਦੱਸਿਆ ਕਿ ਅਮਿਤ ਮਹਾਜਨ ਵਾਸੀ ਸਾਊਥ ਸਿਟੀ ਬਟਾਲਾ, ਧਰਮਪਾਲ ਵਾਸੀ ਜੇਲ੍ਹ ਰੋਡ ਗੁਰਦਾਸਪੁਰ, ਅਬਦੁੱਲ ਹਮੀਦ ਸਲੀਮ ਬਸਤੀ ਮਲੇਰਕੋਟਲਾ ਨੇ ਆਪਣੇ ਆਹੁਦੇ ਦੀ ਦੁਰਵਰਤੋਂ ਕਰਦਿਆਂ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਇਸ ਮਗਰੋਂ ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਰਿਕਾਰਡ ਨਾਲ ਛੇੜਛਾੜ ਕਰਦਿਆਂ ਪਿਛਲੇ 11 ਸਾਲਾਂ ਦੇ ਅਰਸੇ ਦੌਰਾਨ 4 ਕਰੋੜ 66 ਲੱਖ 22 ਹਜ਼ਾਰ 121 ਰੁਪਏ ਦਾ ਗਬਨ ਕੀਤਾ ਹੈ। ਏਐੱਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਬਟਾਲਾ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਿਸ ਵਿੱਚ ਸਾਰੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਤਿੰਨੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।