ਗੁਰਬਖ਼ਸ਼ਪੁਰੀ
ਤਰਨ ਤਾਰਨ, 25 ਜੂਨ
‘ਸੱਚ ਦਾ ਸਾਥ’ ਸੰਸਥਾ ਵੱਲੋਂ ਇਲਾਕੇ ਅੰਦਰ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਖਿਲਾਫ਼ ਅੱਜ ਇਥੇ ਥਾਣਾ ਸਦਰ ਸਾਹਮਣੇ ਧਰਨਾ ਦਿੱਤਾ ਅਤੇ ਪੁਲੀਸ ਵੱਲੋਂ ਸੁਣਵਾਈ ਨਾ ਕਰਨ ਤੇ ਸੰਸਥਾ ਦੇ ਵਰਕਰਾਂ ਨੇ ਸ਼ਹਿਰ ਦੇ ਚੌਕ ਬੋਹੜੀ ਜਾ ਕੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ| ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਇਲਾਕੇ ਦੇ ਪਿੰਡ ਰੁੜੇਆਸਲ ਦੇ ਜਰਨੈਲ ਸਿੰਘ ਦੇ ਘਰ ਚਾਰ ਮਹੀਨੇ ਪਹਿਲਾਂ ਪਿੰਡ ਦੇ ਹੀ ਕਈ ਵਿਅਕਤੀਆਂ ਜ਼ਬਰਦਸਤੀ ਦਾਖਲ ਹੋ ਗਏ ਤੇ ਹੁਲੜਬਾਜੀ ਕਰਕੇ ਅਤੇ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਸਨ| ਉਨ੍ਹਾਂ ਕਿਹਾ ਕਿ ਸ਼ਰਾਰਤੀਆਂ ਨੇ ਜਰਨੈਲ ਸਿੰਘ ਦੇ ਨਵੇਂ ਮੋਟਰਸਾਈਕਲ ਅਤੇ ਕੀਮਤੀ ਵਸਤਾਂ ਦੀ ਤੋੜ ਭੰਨ ਵੀ ਕੀਤੀ ਸੀ| ਉਨ੍ਹਾਂ ਕਿਹਾ ਕਿ ਕਥਿਤ ਤੌਰ ’ਤੇ ਹਾਕਮ ਧਿਰ ਦੇ ਇਸ਼ਾਰਿਆਂ ’ਤੇ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਉਲਟਾ ਜਰਨੈਲ ਸਿੰਘ ਖਿਲਾਫ਼ ਹੀ ਕੇਸ ਦਰਜ ਕਰ ਦਿੱਤਾ ਸੀ| ਉਨ੍ਹਾਂ ਮਾਮਲੇ ਵਿੱਚ ਜਰਨੈਲ ਸਿੰਘ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ| ਧਰਨਾਕਾਰੀਆਂ ਨੂੰ ਸਥਾਨਕ ਡੀਐੱਸਪੀ ਨੇ ਮਾਮਲੇ ਦੀ ਜਾਂਚ ਕਰਨ ਦਾ ਵਿਸ਼ਵਾਸ਼ ਦਿੱਤਾ ਜਿਸ ਤੇ ਜਥੇਬੰਦੀ ਨੇ ਧਰਨਾ ਚੁੱਕ ਲਿਆ|