ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਮਾਰਚ
ਖ਼ਾਲਸਾ ਕਾਲਜ ਵਿਚ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਹਿਯੋਗ ਨਾਲ ਅੱਜ ਸ਼ੁਰੂ ਹੋਏ ਨੌਂ ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ-2022’ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਸੁਰਜੀਤ ਪਾਤਰ, ਡਾਇਰੈਕਟਰ, ਐਨਬੀਟੀ ਵੱਲੋਂ ਯੁਵਰਾਜ ਮਲਿਕ ਵੀ ਮੌਜੂਦ ਸਨ। ਸ੍ਰੀ ਪੁਰੋਹਿਤ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਪ੍ਰੇਰਦਿਆਂ ਕਿਹਾ ਕਿ ਪੁਸਤਕਾਂ ਵਿਅਕਤੀ ਦੀ ਮਾਨਸਿਕ ਸ਼ਕਤੀ ’ਚ ਵਾਧਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਇਸ ਤਰ੍ਹਾਂ ਦੇ ਸਾਹਿਤਕ ਤੇ ਪੁਸਤਕ ਮੇਲੇ ਦਾ ਪ੍ਰਬੰਧ ਕਰ ਕੇ ਆਪਣੇ ਅਮੀਰ ਵਿਰਸੇ ਨੂੰ ਅਗਾਂਹ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਡਿਗਰੀਆਂ ਵੰਡ ਕੇ ਅਤੇ ਇਸ ਪੁਸਤਕ ਮੇਲੇ ਦਾ ਉਦਘਾਟਨ ਕਰ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਸ੍ਰੀ ਮਜੀਠੀਆ ਨੇ ਵਿਦਿਆਰਥੀਆਂ ਅਤੇ ਹੋਰਨਾਂ ਦਰਸ਼ਕਾਂ ਨੂੰ ਇਸ ਪੁਸਤਕ ਮੇਲੇ ਦਾ ਵੱਧ ਤੋਂ ਵੱਧ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ। ਸ੍ਰੀ ਛੀਨਾ ਜੋ ਕਿ ਮੇਲੇ ਦੀ ਪ੍ਰਧਾਨਗੀ ਕਰ ਰਹੇ ਹਨ, ਨੇ ਕਿਹਾ ਕਿ ਕਾਲਜ ਸ਼ੁਰੂ ਤੋਂ ਹੀ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਹਮੇਸ਼ਾਂ ਹੀ ਤੱਤਪਰ ਰਹੇਗਾ।
ਇਸ ਮੌਕੇ ਪੁਸਤਕ ਮੇਲੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਨੇ ਕੀਤੀ ਅਤੇ ਸੰਚਾਲਨ ਡਾ. ਸਤੀਸ਼ ਵਰਮਾ ਨੇ ਕੀਤਾ। ਡਾ. ਲਖਵਿੰਦਰ ਸਿੰਘ ਜੌਹਲ ਮੁੱਖ ਮਹਿਮਾਨ ਸਨ। ਜਸਵੰਤ ਜਫਰ, ਦਰਸ਼ਨ ਬੁੱਟਰ, ਗੁਰਤੇਜ ਕੁਹਾਰ ਵਾਲਾ, ਸਤੀਸ਼ ਗੁਲਾਟੀ, ਗੁਰਪ੍ਰੀਤ ਮਾਨਸਾ, ਸਵਾਮੀ ਅੰਤਰਨੀਰਵ, ਜਗਵਿੰਦਰ ਜੋਧਾ, ਜਗਦੀਪ ਸਿੱਧੂ, ਵਾਹਿਦ ਆਦਿ ਕਵੀਆਂ ਨੇ ਆਪਣੀ ਸ਼ਾਇਰੀ ਦੇ ਰੰਗ ਬਖੇਰੇ। ਇਸ ਮੌਕੇ ਪੰਜਾਬੀ ਵਿਭਾਗ ਦਾ ਸਾਹਿਤਕ ਖੋਜ ਮੈਗਜ਼ੀਨ ‘ਸੰਵਾਦ’ ਰਿਲੀਜ਼ ਕੀਤਾ ਗਿਆ। ਭਾਵੇਂ ਅੱਜ ਪੁਸਤਕ ਮੇਲੇ ਦਾ ਪਹਿਲਾ ਦਿਨ ਸੀ ਪਰ ਪੁਸਤਕ ਪ੍ਰੇਮੀ ਵੱਡੀ ਗਿਣਤੀ ਵਿਚ ਪੁੱਜੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਇਹ ਪੁਸਤਕ ਮੇਲਾ ਪੰਜ ਦਿਨ ਚੱਲਿਆ ਸੀ ਅਤੇ 25 ਲੱਖ ਰੁਪਏ ਦੀਆਂ ਪੁਸਤਕਾਂ ਵਿਕੀਆਂ ਸਨ। ਇਸ ਵਾਰ ਪੰਜਾਬ ਤੋਂ ਬਾਹਰੋਂ ਵੀ ਬੁੱਕ ਸੈਲਰ ਵੱਡੀ ਗਿਣਤੀ ਵਿਚ ਪੁੱਜੇ ਹਨ। ਫਲਾਵਰ ਸ਼ੋਅ, ਆਰਗੈਨਿਕ ਸਟਾਲ ਅਤੇ ਵਿਗਿਆਨ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।