ਦਵਿੰਦਰ ਸਿੰਘ ਭੰਗੂ
ਰਈਆ, 18 ਜੁਲਾਈ
ਪਿੰਡ ਬੱਲ ਸਰਾਏ ਵਿੱਚ ਟਿਊਬਵੈੱਲ ਕੁਨੈਕਸ਼ਨ ਲਾਉਣ ਨੂੰ ਲੈ ਕੇ ਹੋਏ ਝਗੜੇ ਵਿੱਚ ਔਰਤ ਦੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਅਤੇ ਉਸ ਦੇ ਸਾਥੀਆਂ ’ਤੇ ਕੱਪੜੇ ਪਾੜਨ ਅਤੇ ਗਲ ਪੈਣ ਦੇ ਦੋਸ਼ ਲਾਏ ਗਏ ਹਨ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ‘ਆਪ’ ਵਰਕਰਾਂ ਵੱਲੋਂ ਕੀਤੇ ਜਾ ਰਹੇ ਧੱਕੇਸ਼ਾਹੀ ਰਵੱਈਏ ਸਬੰਧੀ ਵੀਡੀਓ ਵੀ ਚਰਚਾ ਵਿੱਚ ਹੈ। ਇਸ ਸਬੰਧੀ ਪਿੰਡ ਬੱਲ ਸਰਾਏ ਦੇ ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ ਆ ਕੇ ਟਿਊਬਵੈੱਲ ’ਤੇ ਜ਼ਬਰਦਸਤੀ ਕੁਨੈਕਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਨ੍ਹਾਂ ਨੂੰ ਕੁਨੈਕਸ਼ਨ ਲਾਉਣ ਤੋਂ ਰੋਕਿਆ ਗਿਆ ਕਿ ਇਸ ਮਾਮਲੇ ਸਬੰਧੀ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਕੋਰਟ ਵੱਲੋਂ ਸਟੇਅ ਦਿੱਤਾ ਗਿਆ ਹੈ ਤਾਂ ਉਨ੍ਹਾਂ ਉੱਥੇ ਮੌਜੂਦ ਔਰਤਾਂ ਦੀ ਕੁੱਟਮਾਰ ਕੀਤੀ ਗਈ ਅਤੇ ਬੀਬੀਆਂ ਦੇ ਕੱਪੜੇ ਵੀ ਪਾੜ ਦਿੱਤੇ। ਪੀੜਤ ਧਿਰ ਨੇ ਦੱਸਿਆ ਕਿ ਥਾਣਾ ਬਿਆਸ ਪੁਲੀਸ ਥਾਣੇ ਵਿੱਚ ਦਰਖਾਸਤ ਦਿੱਤੀ ਗਈ ਅਤੇ ਬੀਬੀਆਂ ਦੇ ਪਾਟੇ ਕੱਪੜੇ ਵੀ ਵਿਖਾਏ ਗਏ ਪਰ ਥਾਣਾ ਬਿਆਸ ਮੁਖੀ ਅਤੇ ਏਐੱਸਆਈ ਬਲਵਿੰਦਰ ਸਿੰਘ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਨ੍ਹਾਂ ਉੱਤੇ ਰਾਜ਼ੀਨਾਮਾ ਕਰਨ ਦਾ ਜ਼ੋਰ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਆਮ ਆਦਮੀ ਪਾਰਟੀ ਦੇ ਪ੍ਰਭਾਵ ਹੇਠ ਕੰਮ ਕਰ ਰਹੀ ਅਤੇ ਕੋਈ ਕਾਰਵਾਈ ਨਹੀਂ ਕਰ ਰਹੀ। ਬਜ਼ੁਰਗ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜੋ ਪੁਲੀਸ ਵਿੱਚ ਸੀ, ਉਸ ਦੀ ਮੌਤ ਹੋ ਚੁੱਕੀ ਹੈ, ਫਿਰ ਵੀ ਪੁਲੀਸ ਉਸ ਦੀ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਖੇਤੀ ਟਿਊਬਵੈੱਲ ਦੇ ਚੌਥੇ ਹਿੱਸੇ ਦੀ ਮਾਲਕ ਹੈ ਅਤੇ ਕੋਰਟ ਕੇਸ ਹੋਣ ਕਰਕੇ ਉਸ ਨੂੰ ਕੋਈ ਵੀ ਹਿੱਸਾ ਨਹੀਂ ਦਿੱਤਾ ਜਾ ਰਿਹਾ। ਬਲਕਿ ਉਸ ਦੇ ਜੇਠ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਣਕ ਅਤੇ ਝੋਨਾ ਲਾਉਣ ਵਾਸਤੇ ਵੀ ਪਾਣੀ ਬਾਹਰੋਂ ਲੈਣਾ ਪਿਆ ਹੈ ਜਦੋਂਕਿ ਉਨ੍ਹਾਂ ਦਾ ਜੇਠ ਖੇਤਾਂ ਵਿੱਚ ਪਾਣੀ ਵੀ ਲਗਾਉਣ ਨਹੀਂ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਗੱਲ ਸੁਣੇਗੀ ਪਰ ਇੱਥੇ ਤਾਂ ਬਿਲਕੁਲ ਉਲਟ ਹੋ ਰਿਹਾ ਹੈ। ਪੀੜਤ ਧਿਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ‘ਆਪ’ ਵਰਕਰਾਂ ਵੱਲੋਂ ਮੂੰਹ ਬੰਨ੍ਹ ਕੇ ਧਮਕੀਆਂ ਦੇਣ ਸਬੰਧੀ ਵੀਡੀਓ ਦੀ ਲੋਕਾਂ ਵਿੱਚ ਚਰਚਾ ਚੱਲਦੀ ਰਹੀ। ਇਸ ਸਬੰਧੀ ਪੁਲੀਸ ਥਾਣਾ ਬਿਆਸ ਦੇ ਮੁਖੀ ਮੁਖ਼ਤਿਆਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕੇਸ ਸਬੰਧੀ ਉਨ੍ਹਾਂ ਕੋਲ ਦਰਖਾਸਤ ਪ੍ਰਾਪਤ ਹੋ ਚੁੱਕੀ ਹੈ ਤੇ ਡੀਐੱਸਪੀ ਬਾਬਾ ਬਕਾਲਾ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ।