ਪੱਤਰ ਪ੍ਰੇਰਕ
ਪਠਾਨਕੋਟ, 4 ਸਤੰਬਰ
ਪਿੰਡ ਛਤਵਾਲ ਦੇ ਮੁਹੱਲਾ ਬਰਸੂਨ ਦੇ ਲੋਕਾਂ ਦੀ 30 ਏਕੜ ਦੇ ਕਰੀਬ ਉਪਜਾਊ ਭੂਮੀ ਚੱਕੀ ਦਰਿਆ ਦੀ ਭੇਟ ਚੜ੍ਹ ਜਾਣ ’ਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਕਰਨ ਵਾਲਿਆਂ ਵਿੱਚ ਪੰਚਾਇਤ ਮੈਂਬਰ ਬਲਵਾਨ ਸਿੰਘ, ਅਜੇ ਸਿੰਘ, ਮੁਹੰਮਦ ਹੁਸੈਨ, ਆਲਮ ਚੋਪੜਾ, ਬਿੱਲੂ ਚੋਪੜਾ, ਲੇਖ ਰਾਜ, ਕਾਕਾ ਰਾਮ ਅਤੇ ਸਿਕੰਦਰ ਕੁਮਾਰ ਆਦਿ ਸ਼ਾਮਲ ਸਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਕਈ ਏਕੜ ਉਪਜਾਊ ਭੂਮੀ ਚੱਕੀ ਦਰਿਆ ਕਿਨਾਰੇ ’ਤੇ ਹੈ ਅਤੇ ਪਿਛਲੇ 15 ਸਾਲਾਂ ਵਿੱਚ ਚੱਕੀ ਦਰਿਆ ਵਿੱਚ ਹੋਈ ਨਾਜਾਇਜ਼ ਮਾਈਨਿੰਗ ਕਾਰਨ ਉਨ੍ਹਾਂ ਦੀ 30 ਏਕੜ ਤੋਂ ਜ਼ਿਆਦਾ ਭੂਮੀ ਚੱਕੀ ਦਰਿਆ ਦੀ ਭੇਟ ਚੜ੍ਹ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 5 ਸਾਲਾਂ ’ਚ ਉਹ ਇਸ ਦੇ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨੇਜ ਵਿਭਾਗ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਹਰ ਵਾਰ ਸਿਵਾਏ ਭਰੋਸੇ ਦੇ ਕੁਝ ਨਹੀਂ ਪੱਲੇ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਹੀ ਦੂਰੀ ’ਤੇ ਮੁਹੱਲੇ ਦੇ 5-6 ਘਰ ਵੀ ਹਨ, ਜਿਨ੍ਹਾਂ ’ਤੇ ਦਿਨ-ਰਾਤ ਚੱਕੀ ਦਰਿਆ ਦਾ ਖਤਰਾ ਮੰਡਰਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਉਪਜਾਊ ਭੂੁਮੀ ਅਤੇ ਖਤਰੇ ਹੇਠ ਆਏ ਘਰਾਂ ਨੂੰ ਕਰੇਟ ਬੰਨ੍ਹ ਕੇ ਬਚਾਇਆ ਜਾਵੇ।