ਪੱਤਰ ਪ੍ਰੇਰਕ
ਪਠਾਨਕੋਟ, 16 ਜੂਨ
ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਸਥਿਤ ਸਰਨਾ ਅੱਡੇ ਕੋਲ ਪੀਆਰਟੀਸੀ ਬੱਸ ਅਤੇ ਆਟੋ ਰਿਕਸ਼ਾ ਦੀ ਟੱਕਰ ਹੋ ਜਾਣ ਕਾਰਨ ਆਟੋ ਚਾਲਕ ਸਮੇਤ 3 ਵਿਅਕਤੀ ਜ਼ਖ਼ਮੀ ਹੋ ਗਏ। ਲੋਕਾਂ ਦੀ ਮੱਦਦ ਨਾਲ ਜ਼ਖ਼ਮੀਆਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖ਼ਮੀਆਂ ਵਿੱਚ ਆਟੋ ਚਾਲਕ ਨਰੇਸ਼ ਕੁਮਾਰ ਵਾਸੀ ਅਖਰੋਟਾ, ਸਵਾਰੀਆਂ ਸੰਪੂਰਨ ਸਿੰਘ ਵਾਸੀ ਲਾਹੜੀ ਭਾਦਾ ਅਤੇ ਪੂਨਮ ਵਾਸੀ ਕੋਟਲੀ ਮੁਗਲਾਂ ਦੇ ਰਹਿਣ ਵਾਲੇ ਹੈ। ਜ਼ਖ਼ਮੀ ਦੋਹਾਂ ਸਵਾਰੀਆਂ ਦੇ ਜ਼ਿਆਦਾ ਸੱਟਾਂ ਵੱਜਣ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਆਟੋ ਚਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਬਲਸੂਆ ਪੁਲੀ ਤੋਂ ਸਵਾਰੀਆਂ ਲੈ ਕੇ ਸਰਨਾ ਵੱਲ ਜਾ ਰਿਹਾ ਸੀ। ਹਾਈਵੇਅ ’ਤੇ ਨਰੋਟ ਮਹਿਰਾ ਪੁਲੀ ਤੋਂ ਕੁਝ ਹੀ ਅੱਗੇ ਪੁੱਜਿਆ ਸੀ ਕਿ ਪਿੱਛੋਂ ਆਈ ਪੀਆਰਟੀਸੀ ਦੀ ਬੱਸ ਜੋ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ, ਨੇ ਆਟੋ ਨੂੰ ਸਾਈਡ ਮਾਰ ਦਿੱਤੀ। ਜਿਸ ਕਾਰਨ ਆਟੋ ਪਲਟ ਗਿਆ ਤੇ ਉਸ ਵਿੱਚ ਸਵਾਰੀਆਂ ਸਮੇਤ ਉਹ ਜ਼ਖ਼ਮੀ ਹੋ ਗਿਆ। ਬੱਸ ਚਾਲਕ ਨੇ ਪੁਲੀਸ ਨੂੰ ਦੱਸਿਆ ਕਿ ਆਟੋ ਚਾਲਕ ਅਚਾਨਕ ਹਾਈਵੇਅ ’ਤੇ ਕਿਸੇ ਵਾਹਨ ਨੂੰ ਓਵਰਟੇਕ ਕਰਨ ਲੱਗਾ ਤਾਂ ਉਸ ਨੇ ਹਾਰਨ ਵੀ ਵਜਾਇਆ ਪਰ ਆਟੋ ਚਾਲਕ ਦੀ ਲਾਪ੍ਰਵਾਹੀ ਕਾਰਨ ਬੱਸ ਦੀ ਲਪੇਟ ਵਿੱਚ ਆ ਗਿਆ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ) ਅੱਜ ਸਵੇਰੇ ਜੰਡਿਆਲਾ ਗੁਰੂ ਤੋਂ ਤਰਨਤਾਰਨ ਨੂੰ ਜਾਣ ਵਾਲੀ ਸੜਕ ਉੱਪਰ ਡੇਰਾ ਰਾਧਾ ਸੁਆਮੀ ਕੋਲ ਇਕ ਇਨੋਵਾ ਗੱਡੀ ਹਾਦਸਾਗ੍ਰਸਤ ਹੋ ਗਈ। ਇਨੋਵਾ ਚਾਲਕ ਅਮਿਤ ਮਿਸ਼ਰਾ ਵਾਸੀ ਫਾਰੁਖਾਬਾਦ ਉੱਤਰ ਪ੍ਰਦੇਸ਼ ਨੇ ਦੱਸਿਆ ਉਹ ਆਪਣੀ ਇਨੋਵਾ (ਯੂਪੀ 78 ਸੀਜ਼ੈੱਡ 0064) ’ਤੇ ਸਵਾਰ ਹੋ ਕੇ ਵੈਸ਼ਨੂੰ ਦੇਵੀ ਦੀ ਯਾਤਰਾ ਕਰਕੇ ਅੰਮ੍ਰਿਤਸਰ ਹੁੰਦੇ ਹੋਏ ਵਾਪਸ ਉੱਤਰ ਪ੍ਰਦੇਸ਼ ਜਾ ਰਹੇ ਸਨ। ਉਸਨੇ ਦੱਸਿਆ ਜਦੋਂ ਉਹ ਜੰਡਿਆਲਾ ਗੁਰੂ, ਤਰਨ ਤਾਰਨ ਸੜਕ ’ਤੇ ਡੇਰਾ ਰਾਧਾਸਵਾਮੀ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਮੋਟਰਸਾਈਕਲ ਬਿਨਾਂ ਇਸ਼ਾਰਾ ਦਿੱਤਿਆਂ ਇਕ ਪਾਸੇ ਮੁੜ ਗਿਆ ਜਿਸ ਕਾਰਨ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਦੀ ਇਨੋਵਾ ਗੱਡੀ ਰਜਬਾਹੇ ਦੇ ਪੁਲ ਉੱਪਰੋਂ ਰਜਬਾਹੇ ਵਿੱਚ ਜਾ ਡਿੱਗੀ ਤੇ ਹਾਦਸਾਗ੍ਰਸਤ ਹੋ ਗਈ। ਉਸ ਨੇ ਦੱਸਿਆ ਗੱਡੀ ਵਿੱਚ ਸਵਾਰ ਦੋ ਆਦਮੀ, ਦੋ ਮਹਿਲਾਵਾਂ ਤੇ ਚਾਰ ਬੱਚੇ ਵਾਲ-ਵਾਲ ਬਚ ਗਏ ਪਰ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ।
ਏਐੱਸਆਈ ਦੀ ਸੜਕ ਹਾਦਸੇ ’ਚ ਮੌਤ
ਪਠਾਨਕੋਟ (ਪੱਤਰ ਪ੍ਰੇਰਕ) ਮੋਟਰਸਾਈਕਲ ਤੇ ਟਰੱਕ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਪੰਜਾਬ ਪੁਲੀਸ ਦੇ ਏਐੱਸਆਈ ਪਵਨ ਕੁਮਾਰ ਵਾਸੀ ਅਜੀਜ਼ਪੁਰ ਦੀ ਮੌਕੇ ’ਤੇ ਮੌਤ ਹੋ ਗਈ। ਉਹ ਵੀਆਈਪੀ ਡਿਊਟੀ ’ਤੇ ਜਾ ਰਿਹਾ ਸੀ। ਮੌਤ ਹੋ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਏਐੱਸਆਈ ਪਵਨ ਕੁਮਾਰ ਸਵੇਰੇ 5 ਵਜੇ ਘਰ ਤੋਂ ਵੀਆਈਪੀ ਡਿਊਟੀ ’ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਧੀਰਾ ਦੇ ਮੋੜ ਤੋਂ ਨੈਸ਼ਨਲ ਹਾਈਵੇਅ ਉਪਰ ਚੜ੍ਹਿਆ ਤਾਂ ਢਾਕੀ ਰੋਡ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਗਿਆ। ਗੰਭੀਰ ਸੱਟਾਂ ਵੱਜਣ ਕਾਰਨ ਕਾਫੀ ਖੂਨ ਵਗ ਜਾਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸਾ ਵਾਪਰਦੇ ਹੀ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਥਾਣਾ ਡਵੀਜ਼ਨ ਨੰਬਰ 2, ਪਠਾਨਕੋਟ ਦੀ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਅਭਿਸ਼ੇਕ ਸੈਣੀ ਦੇ ਬਿਆਨਾਂ ’ਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।