ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਾਰਚ
ਪੁਲੀਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਦਾ ਧੰਦਾ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ 260 ਗਰਾਮ ਹੈਰੋਇਨ, 90 ਹਜ਼ਾਰ ਰੁਪਏ ਡਰਗ ਮਨੀ, ਇਕ ਕਾਰ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਥਾਣਾ ਮੋਹਕਮਪੁਰਾ ’ਚ ਕੇਸ ਦਰਜ ਕੀਤਾ ਹੈ, ਜਿਸ ਵਿਚ ਨਿਰਮਲ ਸਿੰਘ ਉਰਫ ਨਿੰਮਾ ਤੇ ਬਲਕਾਰ ਸਿੰਘ ਦੋਵੇਂ ਵਾਸੀ ਜ਼ਿਲਾ ਫਿਰੋਜ਼ਪੁਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧ ਵਿਚ ਏਸੀਪੀ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਨਾਖਾਂ ਵਾਲਾ ਬਾਗ ਸਨਸਿਟੀ ਨੇੜੇ ਲਾਏ ਨਾਕੇ ਦੌਰਾਨ ਜਾਂਚ ਸਮੇਂ ਇਕ ਕਾਰ ਨੂੰ ਜਾਂਚ ਲਈ ਰੋਕਿਆ ਗਿਆ, ਜਿਸ ਵਿਚ ਨਿਰਮਲ ਸਿੰਘ ਉਰਫ ਨਿੰਮਾ ਤੇ ਬਲਕਾਰ ਸਿੰਘ ਸਵਾਰ ਸਨ। ਜਾਂਚ ਦੌਰਾਨ ਇਨਾਂ ਕੋਲੋਂ ਮੌਕੇ ’ਤੇ 260 ਗਰਾਮ ਹੈਰੋਇਨ , ਕੰਪਿਊਟਰਾਈਜ ਕੰਡਾ, 90 ਹਜ਼ਾਰ ਰੁਪਏ ਡਰਗ ਮਨੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਗਿਰੋਹਾਂ ਨਾਲ ਸਬੰਧ ਹਨ। ਇਨਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਨਿਰਮਲ ਸਿੰਘ ਖਿਲਾਫ 25 ਕੇਸ ਅਤੇ ਬਲਕਾਰ ਸਿੰਘ ਖ਼ਿਲਾਫ਼ ਪੰਜ ਕੇਸ ਦਰਜ ਹਨ।