ਪੱਤਰ ਪ੍ਰੇਰਕ
ਪਠਾਨਕੋਟ, 6 ਅਪਰੈਲ
ਸੀਆਈਏ ਸਟਾਫ ਵਿੱਚ ਤਾਇਨਾਤ ਐਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਇੱਕ ਕਾਰ ਵਿੱਚ ਸਵਾਰ 2 ਨੌਜਵਾਨਾਂ ਨੂੰ ਕਾਬੂ ਕਰਕੇ 200 ਗਰਾਮ ਚਰਸ ਬਰਾਮਦ ਕੀਤੀ ਹੈ। ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ। ਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਮੁਲਾਜ਼ਮਾਂ ਸਮੇਤ ਮਾਮੂਨ ਕੈਂਟ ਸਾਈਡ ਨੂੰ ਗਸ਼ਤ ਕਰਦੇ ਜਾ ਰਹੇ ਸਨ ਤਾਂ ਜਦ ਉਹ ਚੱਕੀ ਪੜਾਅ ਪੁਲ ਕੋਲ ਪੁੱਜੇ ਤਾਂ ਹਿਮਾਚਲ ਨੰਬਰੀ ਕਾਰ ਸੜਕ ਕਿਨਾਰੇ ਖੜ੍ਹੀ ਦਿਖਾਈ ਦਿੱਤੀ। ਇਸ ਵਿੱਚ 2 ਨੌਜਵਾਨ ਬੈਠੇ ਸਨ। ਉਨ੍ਹਾਂ ਨੂੰ ਸ਼ੱਕ ਪੈਣ ਤੇ ਕਾਰ ਵਿੱਚ ਬੈਠੇ ਨੌਜਵਾਨਾਂ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਇਸ ਦੌਰਾਨ ਕੰਡਕਟਰ ਸੀਟ ’ਤੇ ਬੈਠੇ ਨੌਜਵਾਨ ਨੇ ਕਾਰ ਵਿੱਚੋਂ ਕਾਹਲੀ ਨਾਲ ਨਿਕਲ ਕੇ ਆਪਣੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਾਰ ਸਮੇਤ ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਕਾਰ ਸਵਾਰਾਂ ਵਿੱਚੋਂ ਇੱਕ ਨੇ ਆਪਣਾ ਨਾਂ ਜਰਮ ਸਿੰਘ ਵਾਸੀ ਭਲੋਤਾ ਤੀਸਾ ਚੰਬਾ (ਹਿਮਾਚਲ ਪ੍ਰਦੇਸ਼) ਅਤੇ ਦੂਸਰੇ ਨੇ ਪਿਆਰ ਚੰਦ ਉਰਫ ਸੋਨ ਵਾਸੀ ਭਲੋਤਾ ਤੀਸਾ ਚੰਬਾ ਹਾਲ ਸਿੰਬਲ ਚੌਂਕ ਪਠਾਨਕੋਟ ਦਾ ਰਹਿਣ ਵਾਲਾ ਦੱਸਿਆ। ਪੁਲੀਸ ਨੇ ਜਰਮ ਸਿੰਘ ਦੇ ਹੱਥ ਵਿੱਚ ਫੜੇ ਲਿਫਾਫੇ ਨੂੰ ਖੋਲ੍ਹ ਕੇ ਚੈਕ ਕੀਤਾ ਤਾਂ ਉਸ ਵਿੱਚੋਂ 200 ਗਰਾਮ ਚਰਸ ਬਰਾਮਦ ਹੋਈ। ਇਸ ’ਤੇ ਕਾਰ ਅਤੇ ਚਰਸ ਕਬਜ਼ੇ ਵਿੱਚ ਲੈ ਕੇ ਜਰਮ ਸਿੰਘ ਅਤੇ ਪਿਆਰ ਚੰਦ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ।