ਪਠਾਨਕੋਟ: ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 2 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਜੁਰਮ ਵਿੱਚ ਥਾਣਾ ਡਿਵੀਜ਼ਨ ਨੰਬਰ 1, ਦੀ ਪੁਲੀਸ ਨੇ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਰੇਖਾ ਰਾਣੀ ਪਤਨੀ ਸੁਰੇਸ਼ ਕੁਮਾਰ ਵਾਸੀ ਥਰਿਆਲ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ।ਰੇਖਾ ਰਾਣੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਅਮਰ ਸਿੰਘ ਅਤੇ ਹਰੇ ਸ਼ਾਹ ਵਾਸੀਆਨ ਪਠਾਨਕੋਟ ਨੇ ਲੋਟਸ ਐਗਰੀਕਲਚਰ ਅਤੇ ਮਾਰਕੀਟਿੰਗ ਕੋਆਪਰੇਟਿਵ ਸੁਸਾਇਟੀ ਨਾਂ ਦੀ ਇੱਕ ਪ੍ਰਾਈਵੇਟ ਫਰਮ ਪਠਾਨਕੋਟ ਵਿਖੇ ਬੱਸ ਸਟੈਂਡ ਦੇ ਨਜ਼ਦੀਕ ਖੋਲ੍ਹੀ ਹੋਈ ਸੀ। ਅਮਰ ਸਿੰਘ ਉਸ ਦਾ ਡਾਇਰੈਕਟਰ ਅਤੇ ਹਰੇ ਸ਼ਾਹ ਸੀਈਓ ਬਣਿਆ ਹੋਇਆ ਸੀ। ਇਹ ਕੰਪਨੀ ਭੋਲੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਆਪਣੇ ਜਾਲ ਵਿੱਚ ਫਸਾ ਲੈਂਦੀ ਸੀ। ਰੇਖਾ ਰਾਣੀ ਨੇ ਦੱਸਿਆ ਕਿ ਉਹ ਵੀ ਇਨ੍ਹਾਂ ਦੇ ਝਾਂਸੇ ਵਿੱਚ ਆ ਗਈ ਅਤੇ ਉਸ ਨੇ ਕੁੱਲ 2 ਲੱਖ 45 ਹਜ਼ਾਰ ਰੁਪਏ ਦੁੱਗਣੇ ਕਰਨ ਲਈ ਦੇ ਦਿੱਤੇ ਪਰ ਬਾਅਦ ਵਿੱਚ ਇਹ ਦੋਨੋਂ ਉਸ ਦੇ ਪੈਸੇ ਲੈ ਕੇ ਫ਼ਰਾਰ ਹੋ ਗਏ। ਇਸ ਸ਼ਿਕਾਇਤ ਦੀ ਪੁਲੀਸ ਪੜਤਾਲ ਕਰਨ ਅਤੇ ਕਾਨੂੰਨੀ ਰਾਏ ਹਾਸਲ ਕਰਨ ਬਾਅਦ ਦੋਨਾਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ। ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹਨ। -ਪੱਤਰ ਪ੍ਰੇਰਕ