ਪਾਲ ਸਿੰਘ ਨੌਲੀ
ਜਲੰਧਰ, 22 ਮਈ
ਜ਼ਿਲ੍ਹੇ ਵਿੱਚ ਕਾਲੀ ਫੰਗਸ ਦੇ 14 ਹੋਰ ਮਰੀਜ਼ਾਂ ਦੀ ਨਿਸ਼ਾਨਦੇਹੀ ਹੋਈ ਹੈ। ਇਸ ਦੀ ਪੁਸ਼ਟੀ ਨੋਡਲ ਅਫਸਰ ਡਾ. ਰਮਨ ਗੁਪਤਾ ਨੇ ਕਰਦਿਆਂ ਕਿਹਾ ਕਿ ਵੱਖ-ਵੱਖ ਹਸਪਤਾਲਾਂ ਵਿੱਚ 14 ਮਰੀਜ਼ਾਂ ਦਾ ਕਾਲੀ ਫੰਗਸ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ 25 ਮਰੀਜ਼ਾਂ ਦੀ ਕਾਲੀ ਫੰਗਸ ਬਾਰੇ ਨਿਸ਼ਾਨਦੇਹੀ ਹੋਈ ਸੀ ਤੇ ਜ਼ਿਲ੍ਹੇ ਵਿੱਚ ਹੁਣ ਤੱਕ 39 ਮਰੀਜ਼ ਇਸ ਤੋਂ ਪੀੜਤ ਹੋ ਚੁੱਕੇ ਹਨ।
ਉਧਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਿਮਾਰੀ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ 100 ਐਮਫੋਟਰੀਸਿਨ ਟੀਕਿਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਸਾਰੀ ਸਥਿਤੀ ’ਤੇ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਸਬੰਧਤ ਵਿਭਾਗਾਂ ਤੋਂ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਲੈਵਲ-2 ਅਤੇ ਲੈਵਲ-3 ਦੇੇ 2010 ਬੈੱਡਾਂ ਤੋਂ ਇਲਾਵਾ ਸੱਤ ਦਿਨਾਂ ਤੱਕ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਦਾ ਸਟਾਕ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਬੈੱਡਾਂ ਅਤੇ ਆਕਸੀਜਨ ਦੀ ਰੋਜ਼ਾਨਾ ਮੰਗ ਘੱਟ ਰਹੀ ਹੈ ਜੋ ਕਿ ਕਰੋਨਾਵਾਇਰਸ ’ਤੇ ਠੱਲ੍ਹ ਪੈਣ ਦਾ ਸੰਕੇਤ ਹੈ।
ਟੀਕਾਕਰਨ ਲਈ ਨੌਜਵਾਨਾਂ ’ਚ ਉਤਸ਼ਾਹ: ਵੈਕਸੀਨ ਲਗਵਾਉਣ ਲਈ ਨੌਜਵਾਨਾਂ ਵਿਚ ਇਥੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਇਥੋਂ ਦੇ ਫੁੱਟਬਾਲ ਚੌਕ ਨੇੜੇ ਪਾਰਬਤੀ ਜੈਨ ਸਕੂਲ ਵਿੱਚ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਲਾਉਣ ਲਈ ਕੈਂਪ ਲਾਇਆ ਗਿਆ। ਵੈਕਸੀਨ ਲਗਵਾਉਣ ਲਈ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਇਸ ਵਿਚ ਗੱਭਰੂ ਤੇ ਮੁਟਿਆਰਾਂ ਵੱਡੀ ਗਿਣਤੀ ’ਚ ਪਹੁੰਚੇ ਹੋਏ ਸਨ। ਲੰਬੀਆਂ ਲਾਈਨਾਂ ਵਿਚ ਲੱਗੇ ਨੌਜਵਾਨ ਧੁੱਪ ਵਿਚ ਵੀ ਖੜ੍ਹੇ ਰਹੇ। ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸਿਹਤ ਵਿਭਾਗ ਦੀ ਟੀਮ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿਉਂਕਿ ਜ਼ਿਆਦਾ ਭੀੜ ਹੋਣ ਨਾਲ ਉਥੇ ਕਰੋਨਾ ਦੇ ਨਿਯਮਾਂ ਨੂੰ ਲਾਗੂ ਕਰਨ ਵਿਚ ਪ੍ਰੇਸ਼ਾਨੀ ਆ ਰਹੀ ਸੀ। ਹਾਲਾਂਕਿ ਬਹੁਤਿਆਂ ਨੇ ਮਾਸਕ ਪਾਏ ਹੋਏ ਸਨ ਪਰ ਸਮਾਜਿਕ ਦੂਰੀ ਨਹੀਂ ਸੀ ਰੱਖੀ ਜਾ ਰਹੀ। ਜ਼ਿਆਦਾ ਭੀੜ ਹੋਣ ਕਰਕੇ ਪੁਲੀਸ ਵਾਲੇ ਵੀ ਬੇਵੱਸ ਨਜ਼ਰ ਆਏ। ਸਿਹਤ ਮੁਲਾਜ਼ਮ ਤੇ ਪੁਲੀਸ ਵਾਲੇ ਨੌਜਵਾਨਾਂ ਨੂੰ ਲਗਾਤਾਰ ਇਹ ਦੱਸ ਰਹੇ ਸਨ ਕ ਕਿਤੇ ਵੈਕਸੀਨ ਲਗਵਾਉਣ ਦੇ ਚੱਕਰ ਵਿਚ ਜੇਕਰ ਉਨ੍ਹਾਂ ਨੇ ਸਮਾਜਿਕ ਦੂਰੀ ਨਾ ਰੱਖੀ ਤਾਂ ਉਨ੍ਹਾਂ ਨੂੰ ਕਰੋਨਾ ਦੀ ਲਾਗ ਲੱਗਣ ਦਾ ਖ਼ਤਰਾ ਹੈ।
ਤਰਨ ਤਾਰਨ (ਗੁਰਬਖ਼ਸ਼ਪੁਰੀ) : ਅੱਜ ਇਥੋਂ ਦੇ ਸਿਵਲ ਹਸਪਤਾਲ ਵਿੱਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਕਰੋਨਾ ਪੀੜਤ ਮਹਿਲਾ ਦੀ ਨਾਰਮਲ ਡਲਿਵਰੀ ਕਰਵਾਈ ਗਈ| ਬੱਚਾ-ਜੱਚਾ ਦੋਨੋਂ ਸਿਹਤਮੰਦ ਹਨ। ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਮਾਂ ਅਤੇ ਬੱਚੇ ਨੂੰ ਆਈਸੋਲੇਸ਼ਨ ਵਾਰਡ ਵਿੱਚ ਵੱਖਰਾ ਕਮਰਾ ਦਿੱਤਾ ਗਿਆ ਹੈ। ਹਸਪਤਾਲ ਦੀ ਗਾਇਨੀਕੋਲੋਜਿਸਟ ਡਾ. ਇਬਾਦਤ ਨੇ ਦੱਸਿਆ ਕਿ ਕੋਵਿਡ-19 ਪਾਜ਼ੇਟਿਵ ਗਰਭਵਤੀ ਮਹਿਲਾ ਦਾ ਜਣੇਪਾ ਕਰਨਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਸੀ| ਹਸਪਤਾਲ ਦੇ ਨਰਸਿੰਗ ਸਟਾਫ ਤੇ ਹੋਰ ਅਮਲੇ ਨੇ ਇਸ ਸਬੰਧੀ ਆਪਣਾ ਫਰਜ਼ ਬਖੂਬੀ ਨਿਭਾਇਆ ਹੈ। ਇਸ ਮੋਕੇ ਕੁਲਵੰਤ ਕੌਰ ਨਰਸਿੰਗ ਸਿਸਟਰ, ਸੰਦੀਪ ਕੌਰ ਸਟਾਫ਼ ਨਰਸ ਨੇ ਵੀ ਸੇਵਾਵਾਂ ਨਿਭਾਈਆਂ|