ਸਤਵਿੰਦਰ ਬਸਰਾ
ਲੁਧਿਆਣਾ, 20 ਨਵੰਬਰ
ਖਾਲਸਾ ਕਾਲਜ ਫਾਰ ਵਿਮੈਨ ਵਿੱਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਚੌਥੇ ਦਿਨ ਕਵੀਸ਼ਰੀ, ਵਾਰ, ਕਲੀ, ਗਰੁੱਪ ਡਾਂਸ ਵਿੱਚ ਵਿਦਿਆਰਥੀਆਂ ਨੇ ਆਪਣੇ ਜੌਹਰ ਦਿਖਾਏ। ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੇ ਮਹਿਮਾਨਾਂ ਅਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਸਵਾਗਤ ਕੀਤਾ। ਮੇਲੇ ਦੇ ਆਖਰੀ ਦਿਨ 21 ਨਵੰਬਰ ਨੂੰ ਲੋਕ ਨਾਚ ਅਤੇ ਗਿੱਧੇ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹਿਣਗੇ।
ਯੁਵਕ ਮੇਲੇ ਦੇ ਚੌਥੇ ਦਿਨ ਕਲੀ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਨੇ ਪਹਿਲਾ, ਡੀਡੀ ਜੈਨ ਕਾਲਜ ਨੇ ਦੂਜਾ ਅਤੇ ਰਾਮਗੜ੍ਹੀਆ ਕਾਲਜ ਨੇ ਤੀਜਾ, ਵਾਰ ਗਾਉਣ ਮੁਕਾਬਲੇ ਵਿੱਚ ਡੀਡੀ ਜੈਨ ਪਹਿਲੇ, ਰਾਮਗੜ੍ਹੀਆ ਕਾਲਜ ਦੂਜੇ ਅਤੇ ਐਸਡੀਪੀ ਕਾਲਜ ਤੀਜੇ ਸਥਾਨ ’ਤੇ ਰਿਹਾ। ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਪੂਰਨਿਮਾ ਨੇ ਪਹਿਲਾ, ਗੁਰੂ ਨਾਨਕ ਖਾਲਸਾ ਕਾਲਜ ਦੀ ਪਰਮਪ੍ਰੀਤ ਕੌਰ ਨੇ ਦੂਜਾ ਅਤੇ ਸਰਕਾਰੀ ਕਾਲਜ ਲੜਕੀਆਂ ਦੀ ਨੈਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੰਗੋਲੀ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਹਰਗੁਨ, ਫੋਟੋਗ੍ਰਾਫੀ ਵਿੱਚ ਰਾਮਗੜ੍ਹੀਆ ਕਾਲਜ ਦੀ ਕਮਲਪ੍ਰੀਤ ਕੌਰ, ਕਲੇਅ ਮਾਡਲਿੰਗ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਗਗਨਪ੍ਰੀਤ ਕੌਰ, ਕਲਾਸਿਕ ਡਾਂਸ ਵਿੱਚ ਰਾਮਗੜ੍ਹੀਆ ਕਾਲਜ ਦੀ ਤਨਸ਼ਿਕ ਕੌਰ ਆਨੰਦ, ਗਰੁੱਪ ਡਾਂਸ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।
’ਵਰਸਿਟੀ ਦੇ ਡਾਇਰੈਕਟਰ ਯੂਥ ਵੈਲਫੇਅਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਸਾਡੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਇਸ ਹੁਨਰ ਨੂੰ ਹੋਰ ਨਿਖਾਰਨ ਦੇ ਮਕਸਦ ਨਾਲ ਹੀ ’ਵਰਸਿਟੀ ਵੱਲੋਂ ਅਜਿਹੇ ਯੁਵਕ ਮੇਲੇ ਕਰਵਾਏ ਜਾਂਦੇ ਹਨ।