ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਨਵੰਬਰ
ਪੰਜਾਬ ਯੂਨੀਵਰਸਿਟੀ ਦਾ ਪੰਜ ਰੋਜ਼ਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਸੱਭਿਆਚਾਰਕ ਸਾਂਝਾਂ ਹੋਰ ਮਜ਼ਬੂਤ ਕਰਦਾ ਅੱਜ ਸਮਾਪਤ ਹੋ ਗਿਆ। ਇਸ ਮੇਲੇ ਦੀ ਓਵਰਆਲ ਟਰਾਫੀ ਮੇਜ਼ਬਾਨ ਖਾਲਸਾ ਕਾਲਜ ਫਾਰ ਵਿਮੈਨ ਨੇ ਜਿੱਤੀ ਜਦਕਿ ਰਾਮਗੜ੍ਹੀਆ ਗਰਲਜ਼ ਕਾਲਜ ਪਹਿਲਾ ਰੱਨਰਅਪ ਅਤੇ ਲੜਕੀਆਂ ਦਾ ਸਰਕਾਰੀ ਕਾਲਜ ਦੂਜਾ ਰੱਨਰਅਪ ਰਿਹਾ। ਮੇਲੇ ਦੇ ਆਖ਼ਰੀ ਦਿਨ ਪੰਜਾਬ ਸਾਹਿਤ ਅਕੈਡਮੀ, ਚੰਡੀਗੜ੍ਹ ਦੇ ਪ੍ਰਧਾਨ ਅਤੇ ਪ੍ਰਿੰ. ਡਾ. ਸਰਬਜੀਤ ਕੌਰ ਸੋਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਇਕਬਾਲ ਮਾਹਲ, ਪਰਮਜੀਤ ਸਿੰਘ ਉਰਫ ਪੰਮੀ ਬਾਈ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਯੁਵਕ ਮੇਲੇ ਦੇ ਅੱਜ ਆਖ਼ਰੀ ਦਿਨ ਲੋਕ-ਨਾਚ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਕਰਵਾਈਆਂ ਗਈਆਂ। ਡਾ. ਮਨਜੀਤ ਕੌਰ, ਕਮਲਜੀਤ ਕੌਰ ਸਿੱਧੂ, ਸੰਤੋਸ਼ ਬਸਰਾ, ਡਾ. ਨਾਹਰ ਸਿੰਘ, ਕੁਲਵੰਤ ਕੌਰ ਅਤੇ ਸੁਰਿੰਦਰ ਕੌਰ ਧਾਲੀਵਾਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਯੁਵਕ ਮੇਲੇ ਵਿੱਚ 19 ਪਹਿਲੇ, 16 ਦੂਜੇ ਅਤੇ 13 ਤੀਜੇ ਸਥਾਨ ਪ੍ਰਾਪਤ ਕਰਕੇ ਖਾਲਸਾ ਕਾਲਜ ਫਾਰ ਵਿਮੈਨ ਨੇ ਓਵਰਆਲ ਟਰਾਫੀ ਆਪਣੇ ਨਾਂ ਕੀਤੀ।
ਕਾਲਜ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਬਦ ਗਾਇਨ, ਗੀਤ, ਗ਼ਜ਼ਲ, ਫੌਕ ਆਰਕੈਸਟਰਾ, ਮਾਈਮ, ਮਮਿਕਰੀ, ਸਕਿੱਟ, ਕਲੀ, ਕਵੀਸ਼ਰੀ ਆਦਿ ਵਿੱਚ ਹਿੱਸਾ ਲਿਆ। ਡਾ. ਸੋਹਲ ਨੇ ਕਿਹਾ ਕਿ ਅਜਿਹੇ ਮੇਲੇ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਵਧੀਆ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਯੁਵਕ ਮੇਲੇ ਦੇ ਵਧੀਆ ਪ੍ਰਬੰਧ ਲਈ ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੂੰ ਵਧਾਈ ਦਿੱਤੀ। ਯੁਵਕ ਮੇਲੇ ਦੇ ਇਨਾਮ ਵੰਡ ਸਮਾਗਮ ਮੌਕੇ ਇਨ੍ਹਾਂ ਤੋਂ ਇਲਾਵਾ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰ. ਡਾ. ਗਿੱਲ, ਡਾਇਰੈਕਟਰ ਯੂਥ ਵੈੱਲਫੇਅਰ ਡਾ. ਨਿਰਮਲ ਜੌੜਾ, ਐੱਚਐੱਸ ਮਾਂਗਟ ਅਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਨੁਮਾਇੰਦੇ ਹਾਜ਼ਰ ਸਨ।