ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਕਤੂਬਰ
ਪੰਜਾਬ ਯੂਨਵਰਸਿਟੀ ਦੇ ਜ਼ੋਨਲ ਯੁਵਕ ਮੇਲੇ ਵਿੱਚੋਂ ਸਥਾਨਕ ਆਰੀਆ ਕਾਲਜ ਨੇ ਵੱਖ-ਵੱਖ ਮੁਕਾਬਲਿਆਂ ਵਿੱਚੋਂ 50 ਤਗ਼ਮੇ ਜਿੱਤ ਕੇ ਰਨਰਅੱਪ ਟਰਾਫੀ ਆਪਣੀ ਨਾਮ ਕਰ ਲਈ ਹੈ। ਇਹ ਮੁਕਾਬਲੇ ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿੱਚ ਕਰਵਾਏ ਗਏ। ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਦਾ ਕਾਲਜ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨੌਜਵਾਨਾਂ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਮਕਸਦ ਨਾਲ ਪੰਜਾਬ ਯੂਨੀਵਰਸਿਟੀ ਵੱਲੋਂ ਹਰ ਸਾਲ ਯੁਵਕ ਮੇਲੇ ਕਰਵਾਏ ਜਾਂਦੇ ਹਨ। ਇਸ ਵਾਰ ’ਵਰਸਿਟੀ ਦਾ ਜ਼ੋਨਲ ਯੁਵਕ ਮੇਲਾ ਉਕਤ ਕਾਲਜ ਵਿੱਚ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਲੁਧਿਆਣਾ ਦੇ ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਇਸ ਯੁਵਕ ਮੇਲੇ ਵਿੱਚ ਸ਼ਿਰਕਤ ਕਰਦਿਆਂ ਗਰੁੱਪ ਸ਼ਬਦ, ਗਰੁੱਪ ਸੌਂਗ, ਮੁਹਾਵਰੇਦਾਰ ਵਾਰਤਾਲਾਪ, ਫੋਟੋਗ੍ਰਾਫੀ, ਮਮਿਕਰੀ, ਆਨ ਦਾ ਸਪੋਟ ਪੇਂਟਿੰਗ, ਦਸੂਤੀ, ਬਾਗ, ਪੱਖੀ, ਕਲੇਅ ਮਾਡਲਿੰਗ ਤੇ ਕੋਲਾਜ ਮੇਕਿੰਗ ਵਿੱਚ ਪਹਿਲੇ ਸਥਾਨਾਂ ਸਮੇਤ ਕੁੱਲ 50 ਤਗਮੇ ਹਾਸਲ ਕੀਤੇ। ਕਾਲਜ ਦੀ ਟੀਮ ਨੂੰ ਯੁਵਕ ਮੇਲੇ ਵਿੱਚ ਕੁੱਲ 143 ਅੰਕ ਮਿਲੇ ਅਤੇ ਉਸ ਨੇ ਰਨਰਅੱਪ ਟਰਾਫੀ ਆਪਣੇ ਨਾਮ ਕਰ ਲਈ। ਇਸ ਪ੍ਰਾਪਤੀ ’ਤੇ ਕਾਲਜ ਪ੍ਰਬੰਧਕ ਕਮੇਟੀ ਦੀ ਸਕੱਤਰ ਸਤੀਸ਼ਾ ਸ਼ਰਮਾ ਅਤੇ ਕਾਲਜ ਪ੍ਰਿੰਸੀਪਲ ਡਾ. ਸੁਕਸ਼ਮ ਆਹਲੋਵਾਲੀਆ ਨੇ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਵਿੱਚ ਸਿਰਫ ਤਗਮੇ ਜਿੱਤਣਾ ਮਾਇਨੇ ਨਹੀਂ ਰੱਖਦਾ ਸਗੋਂ ਸ਼ਮੂਲੀਅਤ ਕਰਨਾ ਵੱਧ ਅਹਿਮ ਹੈ। ਉਨ੍ਹਾਂ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।