ਸਤਵਿੰਦਰ ਬਸਰਾ
ਲੁਧਿਆਣਾ, 19 ਅਕਤੂਬਰ
ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਆਖਰੀ ਦਿਨ ਓਵਰਆਲ ਟਰਾਫੀ ਰਾਮਗੜ੍ਹੀਆ ਗਰਲਜ਼ ਕਾਲਜ ਨੇ ਜਿੱਤ ਲਈ ਹੈ। ਗਿੱਧੇ ਦੇ ਮੁਕਾਬਲੇ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੀ ਚੜ੍ਹਤ ਰਹੀ। ਜ਼ੋਨ-ਬੀ ਦੇ ਇਸ ਯੁਵਕ ਮੇਲੇ ਵਿੱਚ ਸ਼ਹਿਰ ਦੇ ਵੱਖ ਵੱਖ 9 ਕਾਲਜਾਂ ਨੇ ਭਾਗ ਲਿਆ। ਅੱਜ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜਸਵਿੰਦਰ ਭੱਲਾ ਨੇ ਸ਼ਮੂਲੀਅਤ ਕੀਤੀ। ਦੁਪਹਿਰ ਦੇ ਸੈਸ਼ਨ ਵਿੱਚ ਆਈਏਐਸ ਰਵਨੀਤ ਕੌਰ ਜਦਕਿ ਸ਼ਾਮ ਦੇ ਸੈਸ਼ਨ ਵਿੱਚ ਡਾ. ਸਤਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨਾਂ ਵਜੋਂ ਹਾਜ਼ਰੀ ਲਗਵਾਈ। ਸਾਰੇ ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਵੀ ਪੂਰੀ ਸ਼ਿੱਦਤ ਨਾਲ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਕਾਲਜ ਕੌਂਸਲ ਦੇ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਧੰਨਵਾਦ ਕੀਤਾ। ਯੁਵਕ ਤੇ ਵਿਰਾਸਤੀ ਮੇਲੇ ਦੀ ਓਵਰ ਆਲ ਟਰਾਫੀ ਰਾਮਗੜ੍ਹੀਆ ਕਾਲਜ ਨੂੰ ਦਿੱਤੀ ਜਦਕਿ ਸਰਕਾਰੀ ਕਾਲਜ ਲੜਕੀਆਂ ਫਸਟ ਰਨਰ ਅਪ ਅਤੇ ਖਾਲਸਾ ਕਾਲਜ ਫਾਰ ਵਿਮੈਨ ਸੈਕਿੰਟ ਰਨਰ ਅੱਪ ਰਿਹਾ। ਯੁਵਕ ਮੇਲੇ ਦੇ ਆਖਰੀ ਦਿਨ ਗਿੱਧੇ ਦੇ ਹੋਏ ਮੁਕਾਬਲੇ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ ਜਦਕਿ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ ਦੀ ਟੀਮ ਤੀਜੇ ਸਥਾਨ ’ਤੇ ਆਈ। ਲੋਕ ਨਾਚ ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਦੀ ਟੀਮ ਪਹਿਲੇ, ਰਾਮਗੜ੍ਹੀਆ ਕਾਲਜ ਦੂਜੇ ਅਤੇ ਡੀਡੀ ਜੈਨ ਕਾਲਜ ਤੀਜੇ ਨੰਬਰ ’ਤੇ ਆਇਆ। ਔਰਤਾਂ ਦੇ ਪੁਰਾਤਨ ਗੀਤਾਂ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਪਹਿਲੇ, ਗੁਰੂ ਨਾਨਕ ਕਾਲਜ ਦੂਜੇ ਜਦਕਿ ਐਸਡੀਪੀ ਕਾਲਜ ਫਾਰ ਵਿਮੈਨ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਸਕਿੱਟ ਵਿੱਚ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੀ ਟੀਮ ਜੇਤੂ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਅੱਜ ਮਾਈਮ ਤੇ ਸਕਿੱਟਾਂ ਦੇ ਮੁਕਾਬਲੇ ਕਰਵਾਏ ਗਏ। ਪੀਏਯੂ ਤੋਂ ਲੋਕ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਨਿਰਮਲ ਜੌੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਸੰਬੋਧਨ ਕੀਤਾ। ਯੁਵਕ ਮੇਲੇ ਦੌਰਾਨ ਮਾਈਮ ਮੁਕਾਬਲੇ ਵਿੱਚੋਂ ਕਾਲਜ ਆਫ ਫਿਸ਼ਰੀਜ਼ ਦੀ ਟੀਮ ਪਹਿਲੇ, ਕਾਲਜ ਆਫ ਡੇਅਰੀ ਸਾਇੰਸ ਤੇ ਤਕਨਾਲੋਜੀ ਦੀ ਟੀਮ ਦੂਜੇ ਜਦਕਿ ਕਾਲਜ ਆਫ ਵੈਟਰਨਰੀ ਸਾਇੰਸ ਅਤੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੀ ਟੀਮ ਸਾਂਝੇ ਤੌਰ ’ਤੇ ਤੀਜੇ ਥਾਂ ਰਹੀ। ਸਕਿੱਟ ਮੁਕਾਬਲੇ ਵਿੱਚ ਕਾਲਜ ਆਫ ਡੇਅਰੀ ਸਾਇੰਸ ਤੇ ਤਕਨਾਲੋਜੀ, ਕਾਲਜ ਆਫ ਵੈਟਰਨਰੀ ਸਾਇੰਸ ਲੁਧਿਆਣਾ, ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀਆਂ ਟੀਮਾਂ ਨੇ ਕਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।