ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਕਤੂਬਰ
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਕੱਚੇ ਮੁਲਾਜ਼ਮ ਨੂੰ ਪੱਕੇ ਕਰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਆਪਣੇ-ਆਪਣੇ ਹਲਕਿਆਂ ’ਚ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦੀ ਚਿੱਠੀ ਦੇ ਰਹੇ ਹਨ। ਸ਼ੁੱਕਰਵਾਰ ਨੂੰ ਗਿੱਲ ਰੋਡ ’ਤੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਜ਼ੋਨ-ਡੀ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਦਲਿਤ ਆਗੂ ਵਿਜੈ ਦਾਨਵ ਆਹਮੋ-ਸਾਹਮਣੇ ਹੋ ਗਏ। ਦਲਿਤ ਆਗੂ ਨੇ ਦੋਸ਼ ਲਾਇਆ ਕਿ ਕਈ ਮੁਲਾਜ਼ਮਾਂ ਦੀ ਉਮਰ ਵਧਾ ਕੇ ਉਨ੍ਹਾਂ ਨੂੰ ਬਾਹਰ ਕੀਤਾ ਗਿਆ ਹੈ। ਹਾਲਾਂਕਿ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ’ਚ ਕੁਝ ਪਤਾ ਹੀ ਨਹੀਂ ਹੈ, ਕਿਸ ਦਾ ਨਾਮ ਬਦਲ ਕੇ ਬਾਹਰ ਕੀਤਾ ਗਿਆ ਹੈ। ਇਸੇ ਗੱਲ ਨੂੰ ਦੋਹਾਂ ’ਚ ਕਾਫ਼ੀ ਬਹਿਸ ਹੋਈ। ਇਸ ਦੌਰਾਨ ਨੌਬਤ ਇੱਥੋਂ ਤੱਕ ਆ ਗਈ ਕਿ ਦੋਵੇਂ ਇੱਕ-ਦੂਜੇ ਨਾਲ ਧੱਕਾ-ਮੁੱਕੀ ਤੱਕ ਉਤਾਰੂ ਹੋ ਗਏ ਪਰ ਉਥੇ ਮੌਜੂਦ ਲੋਕਾਂ ਨੇ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ।
ਦਰਅਸਲ, ਹਲਕਾ ਆਤਮ ਨਗਰ ’ਚ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਵੰਡਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ’ਚ ਨਗਰ ਨਿਗਮ ਜ਼ੋਨ-ਡੀ ’ਚ ਬਤੌਰ ਜ਼ੋਨਲ ਕਮਿਸ਼ਨਰ ਤੈਨਾਤ ਜਸਦੇਵ ਸਿੰਘ ਸੇਖੋਂ ਪੁੱਜੇ। ਦੱਸਿਆ ਜਾਂਦਾ ਹੈ ਕਿ ਉਧਰ ਦੂਸਰੇ ਪਾਸੇ ਦਲਿਤ ਆਗੂ ਵਿਜੇ ਦਾਨਵ ਆਪਣੀ ਸੰਘਰਸ਼ ਕਮੇਟੀ ਦੇ ਨਾਲ ਅੱਜ ‘ਆਪ’ ਵਿਧਾਇਕਾਂ ਦਾ ਧੰਨਵਾਦ ਕਰਨ ਲਈ ਪੁੱਜੇ ਸਨ। ਪਹਿਲਾਂ ਉਹ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਫਿਰ ਗੁਰਪ੍ਰੀਤ ਗੋਗੀ ਤੇ ਇਸ ਤੋਂ ਬਾਅਦ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਗਿੱਲ ਰੋਡ ਸਥਿਤ ਦਫ਼ਤਰ ਪੁੱਜੇ ਸਨ, ਜਿੱਥੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਦਾ ਪ੍ਰੋਗਰਾਮ ਰੱਖਿਆ ਸੀ। ਸੂਤਰ ਦੱਸਦੇ ਹਨ ਕਿ ਇਸ ਪ੍ਰੋਗਰਾਮ ਦੌਰਾਨ ਦਾਨਵ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸੰਘਰਸ਼ ਕਮੇਟੀ ਨਾਲ ਜੁੜੇ ਕੁਝ ਕੱਚੇ ਕਰਮੀਆਂ ਦੀ ਉਮਰ ਵਧਾ ਕੇ ਉਨ੍ਹਾਂ ਨੂੰ ਜਾਣ-ਬੁੱਝ ਕੇ ਪੱਕੇ ਕਰਨ ਦੀ ਸੂਚੀ ’ਚੋਂ ਬਾਹਰ ਕੀਤਾ ਜਾ ਰਿਹਾ ਹੈ।
ਮੌਕੇ ’ਤੇ ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਸੂਚੀ ’ਚ ਕਿਸ ਦਾ ਨਾਮ ਪਾਇਆ ਗਿਆ ਹੈ ਤੇ ਕਿਸ ਨੂੰ ਬਾਹਰ ਰੱਖਿਆ ਗਿਆ ਹੈ, ਉਹ ਇਸ ਬਾਰੇ ਜਾਣਕਾਰੀ ਦੇਣ। ਉਹ ਸਿਰਫ਼ ਜ਼ੋਨਲ ਕਮਿਸ਼ਨਰ ਹੋਣ ਦੇ ਨਾਤੇ ਇਸ ਪ੍ਰੋਗਰਾਮ ’ਚ ਹਿੱਸਾ ਲੈਣ ਪੁੱਜੇ ਹਨ। ਸੂਤਰ ਦੱਸਦੇ ਹਨ ਕਿ ਇਸ ਦੌਰਾਨ ਦੋਵਾਂ ’ਚ ਉੱਚੀ-ਉੱਚੀ ਬਹਿਸ ਹੋਣ ਲੱਗੀ ਤੇ ਇਸ ਤੋਂ ਬਾਅਦ ਮੌਕੇ ’ਤੇ ਮਾਹੌਲ ਧੱਕਾ-ਮੁੱਕੀ ਵਾਲਾ ਹੋ ਗਿਆ ਪਰ ਸਮਾਂ ਰਹਿੰਦੇ ਸਾਰਿਆਂ ਨੇ ਮਾਹੌਲ ਸ਼ਾਂਤ ਕਰਵਾਇਆ। ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਮਿਉਂਸਿਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵੀ ਹਨ।