ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਕਤੂਬਰ
ਗਡਵਾਸੂ ਯੂਨੀਵਰਸਿਟੀ ਦਾ ਇੱਕ ਹਫਤਾ ਚੱਲਿਆ ਯੁਵਕ ਮੇਲਾ ਸੱਭਿਆਚਾਰਕ ਸਾਂਝਾਂ ਮਜ਼ਬੂਤ ਕਰਦਾ ਹੋਇਆ ਸਮਾਪਤ ਹੋ ਗਿਆ। ਇਸ ਯੁਵਕ ਮੇਲੇ ਦੀ ਓਵਰਆਲ ਟਰਾਫੀ ਕਾਲਜ ਆਫ ਫਿਸ਼ਰੀਜ਼ ਨੇ ਜਿੱਤੀ ਜਦਕਿ ਉਪਜੇਤੂ ਦੀ ਟਰਾਫੀ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਹਿੱਸੇ ਆਈ। ਮੇਲੇ ’ਚ ਸਰਵੋਤਮ ਅਦਾਕਾਰਾ ਦਾ ਖਿਤਾਬ ਅਮਾਨਤ ਕੌਰ ਅਤੇ ਦੀਕਸ਼ਾ ਨੇ ਜਦਕਿ ਸਰਵੋਤਮ ਅਦਾਕਾਰ ਦਾ ਖਿਤਾਬ ਕਰਨਦੀਪ ਸਾਮਾ ਨੇ ਹਾਸਲ ਕੀਤਾ।
ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਵਿੱਚ ਡਾ. ਕੇਵਲ ਅਰੋੜਾ, ਡਾ. ਜਸਵੀਰ ਮਹਿਰਮ, ਡਾ. ਅਰਪਨ ਤੇ ਰਵਿੰਦਰ ਰੰਗੂਵਾਲ ਨੂੰ ਕਲਾਤਮਕ ਤੇ ਸੱਭਿਆਚਾਰਕ ਖੇਤਰ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਸਕੱਤਰ ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਮੇਲੇ ਦੌਰਾਨ 25 ਵੱਖ ਵੱਖ ਮੁਕਾਬਲਿਆਂ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਗਾਇਕ ਜਸਬੀਰ ਜੱਸੀ ਨੇ ਸਮਾਜ ਦੇ ਅਹਿਮ ਮੁੱਦਿਆਂ ’ਤੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ, ਕਰਮਜੀਤ ਅਨਮੋਲ, ਹਰਬੀ ਸੰਘਾ ਅਤੇ ਜੈਸਮੀਨ ਭਸੀਨ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਸਮਾਗਮ ਦੇ ਅਖੀਰ ’ਚ ਜੇਤੂ ਵਿਦਿਆਰਥੀਆਂ/ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਓਵਰ ਆਲ ਟਰਾਫੀ ਕਾਲਜ ਆਫ ਫਿਸ਼ਰੀਜ਼, ਰਨਰਜ਼-ਅਪ-ਟਰਾਫੀ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕੋਮਲ ਕਲਾਵਾਂ ਦੀ ਟਰਾਫੀ ਕਾਲਜ ਆਫ ਡੇਅਰੀ ਸਾਇੰਸ ਤੇ ਤਕਨਾਲੋਜੀ, ਸੰਗੀਤ ਟਰਾਫੀ ਕਾਲਜ ਆਫ ਫਿਸ਼ਰੀਜ਼, ਨਾਟਕਾਂ ਦੀ ਟਰਾਫੀ ਕਾਲਜ ਆਫ ਡੇਅਰੀ ਸਾਇੰਸ ਤੇ ਤਕਨਾਲੋਜੀ, ਨਾਚ ਦੀ ਟਰਾਫੀ ਕਾਲਜ ਆਫ ਫਿਸ਼ਰੀਜ਼ ਨੇ ਜਿੱਤੀ। ਆਖਰੀ ਦਿਨ ਹੋਏ ਲੜਕਿਆਂ ਦੇ ਸਮੂਹ ਨਾਚ ਮੁਕਾਬਲੇ ਵਿੱਚ ਕਾਲਜ ਆਫ ਵੈਟਰਨਰੀ ਸਾਇੰਸ, ਕਾਲਜ ਆਫ ਫਿਸ਼ਰੀਜ਼ ਅਤੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੀਆਂ ਟੀਮਾਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਲੜਕੀਆਂ ਵਿੱਚੋਂ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੀ ਟੀਮ ਪਹਿਲੇ, ਖਾਲਸਾ ਕਾਲਜ ਆਫ ਵੈਟਰਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀ ਟੀਮ ਦੂਜੇ ਜਦਕਿ ਕਾਲਜ ਆਫ ਫਿਸ਼ਰੀਜ਼ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।