ਪੱਤਰ ਪ੍ਰੇਰਕ
ਮਾਛੀਵਾੜਾ, 6 ਅਕਤੂਬਰ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਭਮਾ ਖੁਰਦ ਵਿੱਚ ਦੁਸਹਿਰੇ ਦੀ ਰਾਤ ਗੋਲੀ ਲੱਗਣ ਕਾਰਨ ਨੌਜਵਾਨ ਲਖਵਿੰਦਰ ਸਿੰਘ ਜਖ਼ਮੀ ਹੋ ਗਿਆ। ਇਹ ਮਾਮਲਾ ਨੌਜਵਾਨਾਂ ਦੀ 2 ਧੜਿਆਂ ਵਿਚਕਾਰ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਦੋਸਤ ਦੀ ਹੋਰ ਨੌਜਵਾਨਾਂ ਨਾਲ ਮੋਬਾਈਲ ’ਤੇ ਤਕਰਾਰ ਹੋ ਗਈ ਸੀ ਅਤੇ ਉਸ ਤੋਂ ਬਾਅਦ ਦੂਜੇ ਧੜੇ ਨਾਲ ਸਬੰਧਤ ਨੌਜਵਾਨਾਂ ਨੇ ਪਿੰਡ ਭਮਾ ਖੁਰਦ ਵਿੱਚ ਆ ਕੇ ਮੇਰੇ ’ਤੇ ਹਮਲਾ ਕਰ ਦਿੱਤਾ। ਪਿੰਡ ਆਏ ਇਨ੍ਹਾਂ ਨੌਜਵਾਨਾਂ ’ਚੋਂ 3 ਦੇ ਹੱਥਾਂ ਵਿਚ ਰਿਵਾਲਵਰ ਫੜੇ ਹੋਏ ਸਨ ਜਿਨ੍ਹਾਂ ’ਚੋਂ ਇੱਕ ਨੇ ਗੋਲੀ ਚਲਾ ਦਿੱਤੀ ਜੋ ਕਿ ਉਸ ਦੀ ਲੱਤ ’ਚ ਲੱਗੀ। ਘਟਨਾ ਤੋਂ ਬਾਅਦ ਇਹ ਸਾਰੇ ਨੌਜਵਾਨ ਫ਼ਰਾਰ ਹੋ ਗਏ ਜਿਨ੍ਹਾਂ ’ਚੋਂ ਉਹ 2 ਨੂੰ ਜਾਣਦਾ ਹੈ ਜਿਸ ’ਚ ਟਿੰਕਾ ਵਾਸੀ ਮੁਹੱਦੀਪੁਰ ਤੇ ਕੈਰੀ ਵਾਸੀ ਰਾਜਗੜ੍ਹ ਸ਼ਾਮਲ ਹਨ। ਪੁਲੀਸ ਵਲੋਂ ਇਨ੍ਹਾਂ ਦੋਵਾਂ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਨੌਜਵਾਨ ਲਖਵਿੰਦਰ ਸਿੰਘ ਜਿਸ ਦੇ ਲੱਤ ’ਚ ਗੋਲੀ ਲੱਗੀ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।