ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ਦੂਜੇ ਦਿਨ ਕੋਲਾਜ ਮੇਕਿੰਗ, ਕਲੇਅ ਮਾਡਲਿੰਗ, ਮੌਕੇ ’ਤੇ ਭਾਸ਼ਨ ਅਤੇ ਕਾਵਿ-ਉਚਾਰਨ ਮੁਕਾਬਲੇ ਕਰਵਾਏ ਗਏ। ਨਿਰਦੇਸ਼ਕ ਖੋਜ ਡਾ. ਜਤਿੰਦਰਪਾਲ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਜੀਵ ਕੁਮਾਰ ਉੱਪਲ, ਕੰਟਰੋਲਰ ਪ੍ਰੀਖਿਆਵਾਂ ਡਾ. ਏਕੇ ਅਰੋੜਾ ਅੱਜ ਦੇ ਦਿਨ ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਸਨ। ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਕੋਲਾਜ ਮੇਕਿੰਗ ਲਈ ‘ਫੈਸ਼ਨ’ ਅਤੇ ਕਲੇਅ ਮਾਡਲਿੰਗ ਲਈ ‘ਦੋ ਕਿਰਿਆਸ਼ੀਲ ਅਕ੍ਰਿਤੀਆਂ’ ਵਿਸ਼ੇ ਰੱਖੇ ਗਏ। ਦੋਵੇਂ ਮੁਕਾਬਲਿਆਂ ਵਿਚ 12-12 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲਿਆਂ ਵਿੱਚ ਵੈਟਰਨਰੀ ਸਾਇੰਸ ਕਾਲਜ, ਲੁਧਿਆਣਾ, ਫ਼ਿਸ਼ਰੀਜ਼ ਕਾਲਜ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਖਾਲਸਾ ਕਾਲਜ ਆਫ ਵੈਟਰਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਭਲਾਈ ਅਫ਼ਸਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਕਾਲਜ ਆਫ ਵੈਟਰਨਰੀ ਸਾਇੰਸ ਲੁਧਿਆਣਾ ਵਿੱਚ ਭਲਕੇ ਚਿੱਤਰਕਾਰੀ, ਇੰਸਟਾਲੇਸ਼ਨ ਅਤੇ ਰੰਗੋਲੀ ਦੇ ਮੁਕਾਬਲੇ ਹੋਣਗੇ। ਕੋਲਾਜ ਮੇਕਿੰਗ ਮੁਕਾਬਲੇ ਵਿੱਚ ਕਾਲਜ ਆਫ ਡੇਅਰੀ ਸਾਇੰਸ ਤੇ ਤਕਨਾਲੋਜੀ ਦੇ ਵਿਦਿਆਰਥੀ ਦੀਪਕਮਲ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੇ ਰਜਤ ਨੇ ਕਰਮਵਾਰ ਪਹਿਲਾ ਤੇ ਦੂਜਾ, ਜਦਕਿ ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਦੀ ਸਿਮਰਨਜੀਤ ਕੌਰ ਅਤੇ ਕਾਲਜ ਆਫ ਫਿਸ਼ਰੀਜ਼ ਦੀ ਪਰਮੀਤ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਬੀਤੀ ਦੇਰ ਸ਼ਾਮ ਹੋਏ ਪੋਸਟਰ ਦੇ ਮੁਕਾਬਲੇ ਵਿੱਚ ਅਨੁਰਾਗਦੀਪ ਕੌਰ ਨੇ ਪਹਿਲਾ, ਰੁਪਿੰਦਰਜੀਤ ਕੌਰ ਨੇ ਦੂਜਾ, ਜਦਕਿ ਜਸਲੀਨ ਕੌਰ ਅਤੇ ਦਲਵੀਰ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਕਾਰਟੂਨ ਬਣਾਉਣ ਵਿੱਚ ਲਵਲੀਨ ਕੌਰ ਨੇ ਪਹਿਲਾ, ਨਿਹਾਰਿਕਾ ਮੌਰਯਾ ਨੇ ਦੂਜਾ ਜਦਕਿ ਅਨੁਰਾਗਦੀਪ ਕੌਰ ਅਤੇ ਜਸਲੀਨ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।