ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਅਕਤੂਬਰ
ਵੈਟਰਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ਅੱਜ ਤੀਜੇ ਦਿਨ ਚਿੱਤਰਕਾਰੀ, ਇੰਸਟਾਲੇਸ਼ਨ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਅੱਜ ਕੰਟਰੋਲਰ ਡਾ. ਅਮਰਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿੱਚ ਵੈਟਰਨਰੀ ਸਾਇੰਸ ਕਾਲਜ, ਫ਼ਿਸ਼ਰੀਜ਼ ਕਾਲਜ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ (ਬਠਿੰਡਾ), ਵੈਟਰਨਰੀ ਪੌਲੀਟੈਕਨਿਕ, ਕਾਲਝਰਾਣੀ ਦੇ ਨਾਲ ਖਾਲਸਾ ਕਾਲਜ ਆਫ ਵੈਟਰਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਨੇ ਹਿੱਸਾ ਲਿਆ। ਇਸ ਦੌਰਾਨ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਮੌਕੇ ’ਤੇ ਚਿੱਤਰਕਾਰੀ ਵਿੱਚ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦਾ ਵਿਦਿਆਰਥੀ ਦਲਬੀਰ ਸਿੰਘ ਜੇਤੂ ਰਿਹਾ, ਉਪਿੰਦਰਜੀਤ ਕੌਰ ਨੇ ਦੂਜਾ, ਜਦਕਿ ਰਿਸ਼ਿਤਾ ਸ਼ਰਮਾ ਅਤੇ ਪੂਰਨਿਮਾ ਬੁੱਧੀਰਾਜਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
ਇੰਸਟਾਲੇਸ਼ਨ ਮੁਕਾਬਲੇ ਵਿੱਚ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੀ ਟੀਮ ਪਹਿਲੇ, ਕਾਲਜ ਆਫ ਫਿਸ਼ਰੀਜ਼ ਦੂਜੇ ਅਤੇ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਬੀਤੀ ਸ਼ਾਮ ਹੋਏ ਮੁਕਾਬਲਿਆਂ ਵਿੱਚੋਂ ਕਲੇਅ ਮਾਡਲਿੰਗ ’ਚ ਹਰਫੂਲ ਸਿੰਘ, ਆਫਰੀਨ ਹੁਸੈਨ ਨੇ ਕਰਮਵਾਰ ਪਹਿਲਾ ਅਤੇ ਦੂਜਾ, ਜਦਕਿ ਨਿਲਾਂਜਨਾ ਤੇ ਨਾਖਾਵਾ ਸ਼ਲੋਕ ਸਿਚਨ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਨ ਮੁਕਾਬਲੇ ਵਿੱਚ ਆਦਰਸ਼ ਭਾਂਬਰੀ, ਸਹਿਜਦੀਪ ਕੌਰ ਅਤੇ ਲਵਨੀਨ ਕੌਰ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲਈਆਂ। ਕਾਵਿ-ਉਚਾਰਨ ਵਿੱਚ ਆਰਿਸ਼ ਹਬੀਬ, ਤਰੁਣ ਅਤੇ ਅਮਾਨਤ ਕੌਰ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।
ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ‘ਮੌਕੇ ’ਤੇ ਚਿੱਤਰਕਾਰੀ’ ਦੇ ਮੁਕਾਬਲੇ ਵਿੱਚ 13 ਵਿਦਿਆਰਥੀਆਂ ਨੇ ਹਿੱਸਾ ਲਿਆ।
ਇੰਸਟਾਲੇਸ਼ਨ ਦੇ ਮੁਕਾਬਲੇ ਦਾ ਵਿਸ਼ਾ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਸੀ, ਜਿਸ ਵਿੱਚ ਵੱਖ ਵੱਖ ਕਾਲਜਾਂ ਦੇ 28 ਵਿਦਿਆਰਥੀਆਂ ਨੇ ਹਿੱਸਾ ਲਿਆ। ਭਲਾਈ ਅਫ਼ਸਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਭਲਕੇ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਨ ਅਤੇ ਵਾਦ-ਵਿਵਾਦ ਮੁਕਾਬਲੇ ਕਰਵਾਏ ਜਾਣਗੇ।
ਨਾਰੰਗਵਾਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਵਿੱਚ ਹੋਏ ਪੰਜਾਬ ਯੂਨੀਵਰਸਿਟੀ ਮੋਗਾ-ਫ਼ਿਰੋਜ਼ਪੁਰ ਜ਼ੋਨ-ਏ ਦੇ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਵਿਚ ਭਾਗ ਲੈਂਦੇ ਹੋਏ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਸੋਹੀ ਨੇ ਕਿਹਾ ਕਿ ਇਹ ਮੇਲੇ ਵਿਦਿਆਰਥੀਆਂ ਵਿਚ ਆਪਣੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਦਾ ਬਹੁਤ ਵੱਡਾ ਜ਼ਰ੍ਹੀਆ ਹਨ ਅਤੇ ਇਹ ਮੇਲੇ ਵਿਦਿਆਰਥੀਆਂ ਦੀ ਸਭਿਆਚਾਰਕ ਪ੍ਰਤਿਭਾ ਨੂੰ ਨਿਖਾਰਦੇ ਹਨ। ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੇਲੇ ਦੇ ਕੰਟੀਨਜੈਂਟ ਇੰਚਾਰਜ ਡਾ. ਸੁਰਿੰਦਰ ਮੋਹਨ ਦੀਪ ਨੇ ਕਿਹਾ ਕਿ ਮੌਕੇ ’ਤੇ ਚਿਤਰਕਾਰੀ ਵਿੱਚ ਪੁਨੀਤਪਾਲ ਸਿੰਘ, ਸਟਿਲ ਲਾਈਫ਼ ’ਚ ਪੁਨੀਤਪਾਲ ਸਿੰਘ ਅਤੇ ਕਲੀ ਵਿੱਚੋਂ ਕਾਲਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੇਲੇ ਵਿਚ ਘੋੜੀਆਂ, ਸੁਹਾਗ, ਸਿੱਠਣੀਆਂ ਨੇ ਸਰੋਤਿਆਂ ਵਿਚ ਰਵਾਇਤੀ ਪੰਜਾਬ ਦੀ ਚਿਣਗ ਜਗਾ ਦਿੱਤੀ। ਔਰਤਾਂ ਦੇ ਰਵਾਇਤੀ ਗੀਤ ਵਿੱਚੋਂ ਦੂਜਾ, ਵਾਰ ਵਿੱਚੋਂ ਦੂਜਾ ਸਥਾਨ, ਝੁੰਮਰ ਵਿੱਚੋਂ ਦੂਜਾ ਸਥਾਨ, ਝੁੰਮਰ ਵਿਅਕਤੀਗਤ ਤੀਜਾ ਸਥਾਨ, ਵਾਰ ਵਿੱਚੋਂ (ਵਿਅਕਤੀਗਤ ਪਹਿਲਾ), ਕਲੀ ਵਿੱਚੋਂ (ਵਿਅਕਤੀਗਤ ਪਹਿਲਾ), ਕਵਿਤਾ ਲੇਖਣ ਵਿੱਚੋਂ ਤੀਜਾ, ਲੋਕ ਸਾਜ਼, ਮਾਈਮ, ਕਲੇਅ ਮਾਡਲਿੰਗ, ਗ਼ਜ਼ਲ, ਪਰਾਂਦਾ, ਨਾਲਾ, ਟੋਕਰੀ ਬਣਾਉਣ ਵਿੱਚ ਕਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ।