ਲੁਧਿਆਣਾ :
ਮੁਹੱਲਾ ਗੋਬਿੰਦਸਰ ਇਲਾਕੇ ’ਚ ਰਹਿਣ ਵਾਲੇ ਸੰਦੀਪ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਸੰਦੀਪ ਨੇ ਖੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਸੰਦੀਪ ਸੀਟ ਕਵਰ ਬਣਾਉਣ ਦਾ ਕੰਮ ਕਰਦਾ ਸੀ। ਉਸ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦਾ 2 ਮਹੀਨੇ ਦਾ ਬੱਚਾ ਹੈ। ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਕਿਰਾਏ ਦੇ ਘਰ ’ਚ ਆਪਣੇ ਮਾਪਿਆਂ ਤੋਂ ਵੱਖ ਰਹਿੰਦਾ ਸੀ। ਉਸ ਦਾ ਅਕਸਰ ਪਤਨੀ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲਦਾ ਰਹਿੰਦਾ ਸੀ। ਵੀਰਵਾਰ ਨੂੰ ਜਦੋਂ ਉਸ ਦੀ ਪਤਨੀ ਪੇਕੇ ਗਈ ਹੋਈ ਸੀ, ਤਾਂ ਉਸ ਨੇ ਫਾਹਾ ਲੈ ਲਿਆ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਵੀਰਵਾਰ ਦੇਰ ਰਾਤ ਨੂੰ ਮਕਾਨ ਮਾਲਕ ਨੇ ਘਰ ਆ ਕੇ ਸੰਦੀਪ ਦੀ ਲਾਸ਼ ਲਟਕਦੀ ਦੇਖੀ। ਮ੍ਰਿਤਕ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ।
-ਟਨਸ