ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਕਤੂਬਰ
ਲੁਹਾਰਾ ਇਲਾਕੇ ’ਚ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਵੀਰਵਾਰ ਦੀ ਦੇਰ ਰਾਤ ਨੂੰ ਆਪਣੇ ਘਰ ’ਚ ਸ਼ੱਕੀ ਹਾਲਤ ’ਚ ਫਾਹਾ ਲੈ ਲਿਆ। ਘਟਨਾ ਦਾ ਪਤਾ ਸ਼ੁੱਕਰਵਾਰ ਦੀ ਸਵੇਰੇ ਉਸ ਸਮੇਂ ਲੱਗਿਆ, ਜਦੋਂ ਪਰਿਵਾਰ ਵਾਲੇ ਉਸ ਨੂੰ ਜਗਾਉਣ ਗਏ ਤੇ ਅੰਦਰ ਲਾਸ਼ ਲਟਕਦੀ ਦੇਖੀ। ਪਰਿਵਾਰਕ ਮੈਂਬਰਾਂ ਨੇ ਬਿਨਾਂ ਰੌਲਾ ਪਾਏ ਤੇ ਕਾਰਵਾਈ ਕਰਵਾਏ, ਉਸ ਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕਰ ਦਿੱਤੀ। ਲਾਸ਼ ਨੂੰ ਸਮਸ਼ਾਨਘਾਟ ਵੀ ਲੈ ਆਂਦਾ। ਪਰ ਇਸੇ ਦੌਰਾਨ ਕਿਸੇ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਡਾਬਾ ਦੀ ਪੁਲੀਸ ਸਮਸ਼ਾਨਘਾਟ ਪੁੱਜ ਗਈ ਤੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਕਰਨ ਦੀ ਗੱਲ ਆਖੀ।
ਜਾਂਚ ਅਧਿਕਾਰੀ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਲੇਬਰ ਦਾ ਕੰਮ ਕਰਦਾ ਸੀ। ਉਹ 2 ਭਰਾ ਹਨ ਤੇ ਸੁਰਿੰਦਰ ਵੱਡਾ ਸੀ। ਉਸ ਦੇ ਪਿਤਾ ਡਰਾਈਵਰ ਹਨ। ਪੁਲੀਸ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਅਨੁਸਾਰ ਸੁਰਿੰਦਰ ਆਪਣੇ ਚਾਚਾ ਦੇ ਘਰ ’ਚ ਰਹਿੰਦਾ ਸੀ। ਸੁਰਿੰਦਰ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਹ ਪਿਛਲੇਂ 2 ਦਿਨ ਤੋਂ ਗੱਲਬਾਤ ਵੀ ਬਹੁਤ ਘੱਟ ਕਰਦਾ ਸੀ। ਉਧਰ, ਵੀਰਵਾਰ ਦੀ ਰਾਤ ਨੂੰ ਸੁਰਿੰਦਰ ਆਪਣੇ ਕਮਰੇ ’ਚ ਮੌਜੂਦ ਸੀ, ਜਦੋਂ ਕੁਝ ਸਮੇਂ ਬਾਅਦ ਚਾਚਾ ਉਸਦੇ ਕਮਰੇ ’ਚ ਦਾਖਲ ਹੋਏ ਤਾਂ ਸੁਰਿੰਦਰ ਕੁਰਸੀ ਦੇ ਸਹਾਰੇ ਗਲੇ ’ਚ ਰੱਸੀ ਪਾ ਕੇ ਪੱਖੇ ਨਾਲ ਲਟਕਦਾ ਦੇਖ ਉਹ ਹੈਰਾਨ ਰਹਿ ਗਏ। ਇਸ ਦੀ ਸੂਚਨਾ ਆਪਣੇ ਭਰਾ ਤੇ ਪੁਲੀਸ ਨੂੰ ਦਿੱਤੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ।
ਪਿਤਾ, ਮਤਰੇਈ ਮਾਂ ਅਤੇ ਪਿੰਡ ਦੇ ਧਨਾਢ ਤੋਂ ਦੁਖੀ ਨੌਜਵਾਨ ਵੱਲੋਂ ਖ਼ੁਦਕੁਸ਼ੀ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਥਾਣਾ ਸੁਧਾਰ ਅਧੀਨ ਪਿੰਡ ਅਕਾਲਗੜ੍ਹ ਵਾਸੀ ਅਜਮੇਰ ਸਿੰਘ (42 ਸਾਲ) ਨੇ ਆਪਣੇ ਪਿਤਾ, ਮਤਰੇਈ ਮਾਂ ਅਤੇ ਪਿੰਡ ਦੇ ਧਨਾਢ ਵਿਅਕਤੀ ਤੋਂ ਦੁਖੀ ਹੋ ਕੇ ਘਰ ਵਿਚ ਛੱਤ ਵਾਲੇ ਪੱਖੇ ਫਾਹਾ ਲੈ ਲਿਆ। ਥਾਣਾ ਸੁਧਾਰ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਜਸਰਾਜ ਕੌਰ ਦੇ ਬਿਆਨ ’ਤੇ ਪਿਤਾ ਗੁਰਚਰਨ ਸਿੰਘ, ਮਤਰੇਈ ਮਾਂ ਅੰਗਰੇਜ਼ ਕੌਰ ਅਤੇ ਪਿੰਡ ਦੇ ਧਨਾਢ ਭਜਨ ਸਿੰਘ ਉਰਫ਼ ਭੱਜੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਫ਼ਸਰ ਲਖਵੀਰ ਸਿੰਘ ਅਨੁਸਾਰ ਜਾਂਚ ਜਾਰੀ ਹੈ।ਮ੍ਰਿਤਕ ਅਜਮੇਰ ਸਿੰਘ ਦੀ ਪਤਨੀ ਜਸਰਾਜ ਕੌਰ ਨੇ ਪੁਲੀਸ ਕੋਲ ਦਰਜ ਕਰਾਏ ਬਿਆਨ ਵਿਚ ਕਿਹਾ ਕਿ ਉਸ ਦੇ ਸਹੁਰਾ ਗੁਰਚਰਨ ਸਿੰਘ ਅਤੇ ਸੱਸ ਅੰਗਰੇਜ਼ ਕੌਰ ਪਿੰਡ ਵਿੱਚ ਕੋਠੀ ਬਣਾ ਕੇ ਰਹਿ ਰਹੇ ਸਨ। ਉਹ ਆਪਣੇ ਪਤੀ ਅਜਮੇਰ ਸਿੰਘ ਅਤੇ ਤਿੰਨ ਬੱਚਿਆਂ ਸਮੇਤ ਜੱਦੀ ਮਕਾਨ ਵਿੱਚ ਰਹਿੰਦੇ ਸੀ। ਸੱਸ-ਸਹੁਰੇ ਨੇ ਪਹਿਲਾਂ ਜੱਦੀ ਘਰ ਦਾ ਅੱਧਾ ਹਿੱਸਾ ਪਿੰਡ ਦੇ ਧਨਾਢ ਭਜਨ ਸਿੰਘ ਨੂੰ ਵੇਚ ਕੇ ਘਰ ਵਿਚ ਕੰਧ ਕੱਢ ਦਿੱਤੀ ਸੀ। ਹਾਲੇ ਉਸ ਦਾ ਪਤੀ ਇਸ ਸਦਮੇ ਤੋਂ ਸੰਭਲਿਆ ਵੀ ਨਹੀਂ ਸੀ ਕਿ ਸੱਸ-ਸਹੁਰੇ ਨੇ ਘਰ ਦੇ ਬਾਕੀ ਹਿੱਸੇ ਦਾ ਵੀ ਉਸੇ ਧਨਾਢ ਨਾਲ ਸੌਦਾ ਕਰ ਲਿਆ ਸੀ। ਬੇਘਰ ਹੋਣ ਦੇ ਖ਼ੌਫ਼ ਕਾਰਨ ਬੀਤੀ ਰਾਤ ਉਸ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ।