ਪੱਤਰ ਪ੍ਰੇਰਕ
ਜਗਰਾਉਂ, 24 ਮਈ
ਇੱਥੇ ਸ਼ਹਿਰ ਦੇ ਮੁੱਖ ਅਨਾਰਕਲੀ ਬਾਜ਼ਾਰ ’ਚ ਥਾਣਾ ਸ਼ਹਿਰੀ ਤੋਂ ਮਹਿਜ਼ 500 ਗਜ਼ ਦੀ ਦੂਰੀ ’ਤੇ ਦਿਨ ਦਿਹਾੜੇ ਮਾਰੂ ਹਥਿਆਰਾਂ ਨਾਲ ਲੈਸ 4 ਨੌਜਵਾਨਾਂ ਨੇ ਇੱਕ ਨਿਹੱਥੇ ਨੌਜਵਾਨ ਨੂੰ ਘੜੀਸ-ਘੜੀਸ ਕੇ ਕੁੱਟਿਆ ਅਤੇ ਉਸ ਉੱਤੇ ਕਿਰਪਾਨਾਂ ਦੇ ਵਾਰ ਕੀਤੇ। ਜ਼ਖ਼ਮੀ ਨੌਜਵਾਨ ਨੂੰ ਹਮਲਾਵਰ ਦਾਣਾ ਮੰਡੀ ’ਚ ਸੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਕੱਪੜੇ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਸਚਿਨ (17) ਦੁਕਾਨ ਦੇ ਬਾਹਰ ਖੜ੍ਹਾ ਸੀ। ਚਾਰ ਨੌਜਵਾਨ ਮੋਟਰਸਾਈਕਲਾਂ ’ਤੇ ਆਏ ਅਤੇ ਉਨ੍ਹਾਂ ਸਚਿਨ ਨੂੰ ਵਾਲਾਂ ਤੋਂ ਫੜ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਅੰਨੇਵਾਹ ਕੁੱਟਮਾਰ ਕਰਨ ਤੋਂ ਬਾਅਦ ਜ਼ਖ਼ਮੀ ਸਚਿਨ ਨੂੰ ਹਮਲਾਵਰ ਮੋਟਰਸਾਈਕਲ ’ਤੇ ਬਿਠਾ ਕੇ ਨਾਲ ਹੀ ਲੈ ਗਏ। ਇਸ ਮਗਰੋਂ ਸਚਿਨ ਬੇਹੋਸ਼ੀ ਦੀ ਹਾਲਤ ’ਚ ਨਵੀਂ ਦਾਣਾ ਮੰਡੀ ’ਚ ਪਿਆ ਮਿਲਿਆ। ਉਠਾ ਕੇ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਸਚਿਨ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਜਾਵੇਗਾ।