ਮਹੇਸ਼ ਸ਼ਰਮਾ/ਸੰਤੋਖ ਗਿੱਲ
ਮੰਡੀ ਅਹਿਮਦਗੜ੍ਹ/ਗੁਰੂਸਰ ਸੁਧਾਰ, 28 ਨਵੰਬਰ
ਪੰਜਾਬ ਯੂਨੀਵਰਸਿਟੀ ਦੇ ਮੋਗਾ-ਫ਼ਿਰੋਜ਼ਪੁਰ ਜ਼ੋਨ-‘ਏ’ ਦਾ ਯੁਵਕ ਅਤੇ ਵਿਰਾਸਤੀ ਮੇਲਾ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਸ਼ੁਰੂ ਹੋਇਆ। ਮਰਹੂਮ ਪ੍ਰਿੰਸੀਪਲ ਡਾ. ਹਰਦਿਲਜੀਤ ਸਿੰਘ ਗੋਸਲ ਨੂੰ ਸਮਰਪਿਤ ਮੇਲੇ ਦਾ ਉਦਘਾਟਨ ਜਸਵੀਰ ਸਿੰਘ ਜੱਸੀ ਖੰਘੂੜਾ ਨੇ ਕੀਤਾ। ਪੰਜਾਬ ’ਵਰਸਿਟੀ ਦੇ ਯੁਵਕ ਸੇਵਾਵਾਂ ਡਾਇਰੈਕਟਰ ਡਾ. ਨਿਰਮਲ ਜੌੜਾ ਨੇ ਵੱਖ-ਵੱਖ ਕਾਲਜਾਂ ਦੇ ਪ੍ਰਤੀਯੋਗੀਆਂ ਨੂੰ ਸੰਬੋਧਨ ਕਰਦਿਆਂ ਡਾ. ਗੋਸਲ ਦੇ ਜੀਵਨ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ ਪਰਮਜੀਤ ਕੌਰ ਗੋਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਅਵਿਨਾਸ਼ ਕੌਰ ਨੇ ਕਿਹਾ ਕਿ ਵਿਰਾਸਤੀ ਮੇਲੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਸਦਾ ਕਾਰਗਰ ਸਾਬਤ ਹੋਏ ਹਨ। ਡੀਏਵੀ ਕਾਲਜ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਨੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲੋਕ ਗਾਇਕਾ ਅਮਰ ਨੂਰੀ ਨੇ ਵਿਦਿਆਰਥੀਆਂ ਨਾਲ ਗਾਇਕੀ ਦਾ ਰੰਗ ਬੰਨ੍ਹਿਆ।
ਪ੍ਰਬੰਧਕੀ ਸਕੱਤਰ ਡਾ. ਸੁਰਿੰਦਰ ਮੋਹਨ ਦੀਪ ਅਤੇ ਕੰਟੀਨਜੈਂਟ ਇੰਚਾਰਜ ਪ੍ਰੋ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਬਦ ਗਾਇਨ ਮੁਕਾਬਲੇ ਵਿਚ ਆਰਐਸਡੀ ਕਾਲਜ ਫ਼ਿਰੋਜ਼ਪੁਰ ਨੇ ਪਹਿਲਾ, ਜੀਐੱਚਜੀ ਖ਼ਾਲਸਾ ਕਾਲਜ ਸੁਧਾਰ ਨੇ ਦੂਜਾ ਅਤੇ ਬੀਕੇਐਸ ਕਾਲਜ ਮੁਹਾਰ ਨੇ ਤੀਜਾ ਸਥਾਨ ਹਾਸਲ ਕੀਤਾ। ਭਜਨ ਗਾਇਨ ਵਿਚ ਪੀਯੂਸੀਸੀ ਕਾਲਜ ਨਿਹਾਲ ਸਿੰਘ ਵਾਲਾ ਨੇ ਪਹਿਲਾ ਅਤੇ ਪੀਯੂਸੀਸੀ ਕਾਲਜ ਕੜਿਆਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਵੋਕਲ ’ਚ ਮੇਜ਼ਬਾਨ ਕਾਲਜ ਨਾਰੰਗਵਾਲ ਨੇ ਪਹਿਲਾ ਤੇ ਡੀਐਮ ਕਾਲਜ ਮੋਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਰਾਂਦਾ ਬਣਾਉਣ ਵਿਚ ਬੀਕੇਐਸ ਕਾਲਜ ਮੁਹਾਰ ਨੇ ਪਹਿਲਾ, ਆਰਐਸਡੀ ਕਾਲਜ ਫ਼ਿਰੋਜ਼ਪੁਰ ਨੇ ਦੂਜਾ ਤੇ ਪੀਯੂਸੀਸੀ ਕਾਲਜ ਕੜਿਆਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁੱਡੀਆਂ ਪਟੋਲੇ ਬਣਾਉਣ ’ਚ ਬੀਕੇਐਸ ਕਾਲਜ ਮੁਹਾਰ ਨੇ ਪਹਿਲਾ, ਸ੍ਰੀ ਰਾਮ ਕਾਲਜ ਡੱਲਾ ਨੇ ਦੂਜਾ ਤੇ ਆਰਐਸਡੀ ਕਾਲਜ ਫ਼ਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਨਾਲਾ ਬੁਣਨ ਵਿਚ ਬੀਕੇਐਸ ਕਾਲਜ ਮੁਹਾਰ ਦੀ ਸੁਖਜੀਤ ਕੌਰ ਨੇ ਪਹਿਲਾ, ਸ੍ਰੀ ਰਾਮ ਕਾਲਜ ਡੱਲਾ ਦੀ ਸ਼ਰਨਪ੍ਰੀਤ ਕੌਰ ਨੇ ਦੂਜਾ ਤੇ ਆਰ ਐਸਡੀ ਕਾਲਜ ਫ਼ਿਰੋਜ਼ਪੁਰ ਦੀ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਛਿੱਕੂ ਮੇਕਿੰਗ ’ਚ ਬੀਕੇਐਸ ਕਾਲਜ ਮੁਹਾਰ ਦੇ ਕੁਲਵੰਤ ਸਿੰਘ ਨੇ ਪਹਿਲਾ, ਜੀਐਨਸੀ ਮੋਗਾ ਦੀ ਮਮਤਾ ਕੁਮਾਰੀ ਨੇ ਦੂਜਾ ਤੇ ਸਰਕਾਰੀ ਕਾਲਜ ਜ਼ੀਰਾ ਦੀ ਰੀਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।