ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਪਰੈਲ
ਇੱਥੇ ਗਿਆਸਪੁਰਾ ਦੇ 33 ਫੁਟੇ ਰੋਡ ’ਤੇ ਤਿੰਨ ਜਣਿਆਂ ਨੇ ਇੱਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਪੀੜਤ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਨੂੰ ਸਥਾਨਕ ਲੋਕਾਂ ਨੇ ਹਮਲੇ ਮਗਰੋਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਥਾਣਾ ਡਾਬਾ ਦੀ ਪੁਲੀਸ ਨੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਜਸਪ੍ਰੀਤ ਸਿੰਘ ਜ਼ੋਮਾਟੋ ’ਚ ਬਤੌਰ ਡਲਿਵਰੀ ਬੁਆਏ ਕੰਮ ਕਰਦਾ ਹੈ, ਜੋ ਇੱਕ ਔਰਤ ਦੇ ਨਾਲ ‘ਲਿਵ-ਇਨ-ਰਿਲੇਸ਼ਨ’ ’ਚ ਰਹਿ ਸੀ। ਮੰਗਲਵਾਰ ਨੂੰ ਉਹ ਉਸ ਔਰਤ ਦੇ ਨਾਲ ਮੰਦਰ ’ਚ ਜਾ ਰਿਹਾ ਸੀ ਤਾਂ ਇਸੇ ਦੌਰਾਨ ਔਰਤ ਦੇ ਪਤੀ ਨੇ ਦੋਹਾਂ ਨੂੰ ਦੇਖ ਲਿਆ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਬਚਾਅ ਲਈ ਔਰਤ ਆਈ ਤਾਂ ਉਸ ਨੂੰ ਵੀ ਕੁੱਟਿਆ ਗਿਆ। ਹਸਪਤਾਲ ’ਚ ਜ਼ਖਮੀ ਜਸਪ੍ਰੀਤ ਦੇ ਜੀਜਾ ਜਸਬੀਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਪਿਛਲੇ ਕਾਫ਼ੀ ਸਮੇਂ ਤੋਂ ਔਰਤ ਨਾਲ ‘ਲਿਵ-ਰਿਨ-ਰਿਲੇਸ਼ਨ’ ’ਚ ਸੀ, ਜਿਸ ਕਾਰਨ ਦੋਵੇਂ ਪਰਿਵਾਰਾਂ ’ਚ ਪਹਿਲਾਂ ਵੀ ਵਿਵਾਦ ਹੋ ਚੁੱਕਾ ਹੈ। ਔਰਤ ਅਨੁਸਾਰ ਉਸ ਨੇ ਆਪਣੇ ਪਤੀ ਖਿਲਾਫ਼ ਅਦਾਲਤ ’ਚ ਕੇਸ ਲਾਇਆ ਹੋਇਆ ਹੈ। ਉਸੇ ਰੰਜਿਸ਼ ਦੇ ਚੱਲਦੇ ਅੱਜ ਉਸ ਦੇ ਪਤੀ ਨੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ। ਥਾਣਾ ਡਾਬਾ ਦੇ ਐੱਸਐੱਚਓ ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਪੁਲੀਸ ਦੀ ਟੀਮ ਬਿਆਨ ਲੈਣ ਲਈ ਗਈ ਸੀ, ਪਰ ਡਾਕਟਰਾਂ ਨੇ ਜ਼ਖਮੀ ਜਸਪ੍ਰੀਤ ਨੂੰ ਅਨਫਿੱਟ ਕਰਾਰ ਦੇ ਦਿੱਤਾ। ਜਿਸ ਕਾਰਨ ਬਿਆਨ ਦਰਜ ਨਹੀਂ ਹੋ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਜਾਰੀ ਆਰੰਭ ਦਿੱਤੀ ਹੈ।