ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜੁਲਾਈ
ਸਨਅਤੀ ਸ਼ਹਿਰ ਦੇ ਮੰਗਲੀ ਪਿੰਡ ਦੇ ਕੋਲ ਇੱਕ ਟਿੱਪਰ ਦੀ ਫੇਟ ਵੱਜਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਤੇ ਸਾਥੀਆਂ ਨੇ ਕਾਫ਼ੀ ਰੌਲਾ ਪਾ ਦਿੱਤਾ। ਪਰਿਵਾਰ ਵੱਲੋਂ ਰਾਹੋਂ ਰੋਡ ’ਤੇ ਚੁੰਗੀ ਦੇ ਕੋਲ ਧਰਨਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਮੰਗਲੀ ਵਾਸੀ 24 ਸਾਲਾ ਹਰਵਿੰਦਰ ਸਿੰਘ ਦੀ ਬੁੱਧਵਾਰ ਦੇਰ ਰਾਤ ਟਿੱਪਰ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਸੀ ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ। ਮੌਕੇ ’ਤੇ ਮੌਜੂਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਕਿ ਹਾਦਸਾ ਟਿੱਪਰ ਦੇ ਨਾਲ ਹੋਇਆ ਸੀ, ਪਰ ਪੁਲੀਸ ਨਹੀਂ ਮੰਨ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਟਿੱਪਰ ਚਾਲਕ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਨਾ ਦੇਣਾ ਪਿਆ ਹੈ। ਜੇਕਰ ਸੁਣਵਾਈ ਨਾ ਹੋਈ ਤਾਂ ਉਹ ਲਾਸ਼ ਨੂੰ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਕਰਨਗੇ ਤੇ ਉਦੋਂ ਤੱਕ ਸਸਕਾਰ ਵੀ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਟਿੱਪਰ ਚਾਲਕ ਤੇ ਮਾਲਕ ਖਿਲਾਫ਼ ਅਪਰਾਧਿਕ ਕੇਸ ਦਰਜ ਨਹੀਂ ਹੋ ਜਾਂਦਾ ਹੈ।
ਥਾਣਾ ਮੇਹਰਬਾਨ ਦੇ ਐੱਸਐੱਚਓ ਜਗਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਟਿੱਪਰ ਚਾਲਕ ਨੇ ਫੇਟ ਮਾਰੀ ਹੈ। ਪਰ ਹਾਲੇ ਤੱਕ ਲੋਕ ਇਹ ਕਹਿ ਰਹੇ ਹਨ ਕਿ ਕੋਈ ਅਣਪਛਾਤਾ ਵਾਹਨ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੁਲੀਸ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ। ਮੌਕੇ ’ਤੇ ਪੁੱਜੇ ‘ਆਪ’ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਤੇ ਪੁਲੀਸ ਨੂੰ ਜਲਦ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਧਰਨਾ ਖ਼ਤਮ ਕੀਤਾ।