ਗਗਨਦੀਪ ਅਰੋੜਾ
ਲੁਧਿਆਣਾ, 22 ਅਪਰੈਲ
ਵਿਦੇਸ਼ ਜਾਣ ਦੀ ਚਾਹਤ ’ਚ ਆਈਲੈਟਸ ਦੇ ਪੇਪਰ ਚਾਰ ਵਾਰ ਦੇਣ ਤੋਂ ਬਾਅਦ ਵੀ ਜਦੋਂ ਪੇਪਰ ਕਲੀਅਰ ਨਾ ਹੋਇਆ ਤਾਂ ਮੁੰਡੀਆਂ ਕਲਾਂ ਦੇ ਗੋਬਿੰਦ ਨਗਰ ਇਲਾਕੇ ’ਚ ਰਹਿਣ ਵਾਲੇ ਜੁਆਏ ਰਾਣਾ ਨੇ ਵੀਰਵਾਰ ਦੇਰ ਰਾਤ ਆਪਣੇ ਘਰ ’ਚ ਫਾਹਾ ਲੈ ਕੇ ਜਾਨ ਦੇ ਦਿੱਤੀ। ਘਟਨਾ ਦਾ ਪਤਾ ਸ਼ੁੱਕਰਵਾਰ ਨੂੰ ਲੱਗਿਆ, ਜਦੋਂ ਉਸਦੇ ਪਿਤਾ ਉਸਨੂੰ ਜਗਾਉਣ ਲਈ ਗਿਆ,ਅੰਦਰ ਲਾਸ਼ ਲਟਕਦੀ ਦੇਖ ਉਨ੍ਹਾਂ ਦੇ ਹੋਸ਼ ਉਡ ਗਏ।
ਉਨ੍ਹਾਂ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਤੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਥਾਣਾ ਜਮਾਲਪੁਰ ਦੇ ਐੱਸਐੱਚਓ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਜੁਆਏ ਰਾਣਾ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ। ਉਸਨੇ ਇੱਕ ਵਾਰ ਨਹੀਂ ਬਲਕਿ ਚਾਰ ਵਾਰ ਆਈਲੈਟਸ ਦਾ ਪੇਪਰ ਦਿੱਤਾ ਸੀ। ਚਾਰੇ ਵਾਰ ਬੈਂਡ ਕਾਫ਼ੀ ਘੱਟ ਆਏ। ਵਾਰ-ਵਾਰ ਆਈਲੈਟਸ ਦੇ ਪੇਪਰ ਦੇ ਕੇ ਵੀ ਬੈਂਡ ਨਾ ਆਉਣ ’ਤੇ ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਪਰਿਵਾਰ ਵਾਲਿਆਂ ਨੇ ਉਸਨੂੰ ਕਾਫ਼ੀ ਸਮਝਾਇਆ, ਪਰ ਉਹ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ। ਵੀਰਵਾਰ ਦੀ ਰਾਤ ਨੂੰ ਪੂਰਾ ਪਰਿਵਾਰ ਖਾਣਾ ਖਾ ਕੇ ਸੌ ਗਿਆ। ਸ਼ੁੱਕਰਵਾਰ ਦੀ ਸਵੇਰੇ ਜਦੋਂ ਜੁਆਏ ਥੱਲੇ ਨਹੀਂ ਆਇਆ ਤਾਂ ਉਸਦੇ ਪਿਤਾ ਤਿਲਕ ਰਾਜ ਉਸਨੂੰ ਬੁਲਾਉਣ ਉਸਦੇ ਕਮਰੇ ਵਿੱਚ ਉਪਰ ਗਏ ਤਾਂ ਅੰਦਰ ਲਾਸ਼ ਲਟਕਦੀ ਦੇਖ ਉਨ੍ਹਾਂ ਦੇ ਹੋਸ਼ ਉਡ ਗਏ।।