ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਜਨਕਪੁਰੀ ਸਥਿਤ ਵਿਜੈ ਨਗਰ ਇਲਾਕੇ ’ਚ ਦੁਪਹਿਰ ਸਮੇਂ ਦੋ ਨੌਜਵਾਨ ਗੱਲਾਂ ਗੱਲਾਂ ’ਚ ਲੜ ਪਏ ਤੇ ਇੰਨੇ ’ਚ ਇੱਕ ਨੌਜਵਾਨ ਨੇ ਦੂਸਰੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਉਨ੍ਹਾਂ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਿਸੇ ਨੇ ਹਥਿਆਰ ਦੇਖ ਕੇ ਅੱਗੇ ਜਾਣ ਦੀ ਹਿੰਮਤ ਨਹੀਂ ਕੀਤੀ। ਇਸ ਦੌਰਾਨ ਕਿਸੇ ਨੇ ਜਾਣਕਾਰੀ ਪੁਲੀਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰਬਰ 2 ਅਧੀਨ ਆਉਂਦੀ ਚੌਕੀ ਜਨਕਪੁਰੀ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨਸ਼ਾ ਕਰਨ ਦੇ ਚੱਕਰ ਵਿੱਚ ਆਪਸ ਵਿੱਚ ਬਹਿਸੇ ਸਨ। ਸਿਵਲ ਹਸਪਤਾਲ ’ਚ ਇਲਾਜ ਅਧੀਨ ਰਾਹੁਲ ਨੇ ਦੱਸਿਆ ਕਿ ਉਹ ਤੇ ਇੱਕ ਨੌਜਵਾਨ ਉੱਥੇ ਕਿਸੇ ਕੰਮ ਨੂੰ ਲੈ ਕੇ ਗੱਲ ਕਰ ਰਹੇ ਸਨ। ਅਚਾਨਕ ਦੋਵਾਂ ’ਚ ਬਹਿਸਬਾਜ਼ੀ ਹੋਈ ਤੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ। ਇਸ ਦੌਰਾਨ ਦੂਸਰੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਾਂਚ ਅਧਿਕਾਰੀ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਮਾਮਲਾ ਦੁਪਹਿਰ ਸਾਢੇ ਕੁ 12 ਵਜੇ ਤੋਂ 1 ਵਜੇ ਵਿੱਚ ਦਾ ਹੈ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਉਹ ਤੁਰੰਤ ਮੌਕੇ ’ਤੇ ਪੁੱਜ ਗਏ। ਪੀੜਤ ਰਾਹੁਲ ਦੀ ਹਾਲਤ ਗੰਭੀਰ ਦੇਖਕੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲੀਸ ਨੇ ਹਮਲਾ ਕਰਨ ਵਾਲੇ ਨੂੰ ਵੀ ਕਾਬੂ ਕਰ ਲਿਆ ਹੈ। ਪੀੜਤ ਦੀ ਹਾਲਤ ਹਾਲੇ ਗੰਭੀਰ ਹੈ। ਜਿਵੇਂ ਹੀ ਉਸਦੀ ਹਾਲਤ ’ਚ ਸੁਧਾਰ ਹੋਵੇਗਾ ਤਾਂ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਹਥਿਆਰ ਦਿਖਾ ਕੇ ਪਤੀ-ਪਤਨੀ ਨੂੰ ਲੁੱਟਿਆ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਹਥਿਆਰ ਦਿਖਾ ਕੇ ਪਤੀ-ਪਤਨੀ ਨੂੰ ਲੁੱਟਕੇ ਲੈ ਗਏ। ਇਸ ਬਾਰੇ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਨਿਊ ਸ਼ਿਮਲਾਪੁਰੀ ਵਾਸੀ ਸੰਨੀ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਚਿੱਕੀ ਕੁਮਾਰੀ ਨਾਲ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਕਿ ਪਿੱਛੋਂ ਆਏ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸਨੂੰ ਰੋਕ ਲਿਆ ਅਤੇ ਦਾਤਰ ਦਿਖਾਕੇ ਪਤਨੀ ਦਾ ਮੋਬਾਈਲ ਅਤੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ। ਉਹ ਉਸਦਾ ਮੋਬਾਈਲ ਅਤੇ 3 ਹਜ਼ਾਰ ਰੁਪਏ ਦੀ ਨਕਦੀ ਜੇਬ ਵਿੱਚੋਂ ਕੱਢਕੇ ਮੋਟਰਸਾਈਕਲ ਨੰਬਰ ਪੀਬੀ 10 ਜੀਸੀ 7710 ’ਤੇ ਫ਼ਰਾਰ ਹੋ ਗਏ। ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। – ਨਿੱਜੀ ਪੱਤਰ ਪ੍ਰੇਰਕ