ਪੱਤਰ ਪ੍ਰੇਰਕ
ਮਾਛੀਵਾੜਾ, 24 ਜੂਨ
ਰਾਅ ਵਰਲਡ ਪਾਵਰਲਿਫਟਿੰਗ ਫੈਡਰੇਸ਼ਨ ਵਲੋਂ ਦੁਬਈ ਵਿੱਚ ਬੈਂਚ ਪ੍ਰੈੱਸ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮਾਛੀਵਾੜਾ ਨੇੜਲੇ ਪਿੰਡ ਲੱਖੋਵਾਲ ਕਲਾਂ ਦੇ ਨੌਜਵਾਨ ਅਮਰਿੰਦਰ ਸਿੰਘ ਨੇ ਵੱਖ-ਵੱਖ ਮੁਕਾਬਲਿਆਂ ’ਚ ਦੋ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਵਿਦੇਸ਼ਾਂ ਵਿਚ ਵੀ ਰੋਸ਼ਨ ਕਰ ਦਿੱਤਾ। ਨੌਜਵਾਨ ਅਮਰਿੰਦਰ ਸਿੰਘ ਦਾ ਵਾਪਸ ਪਿੰਡ ਪਰਤਣ ’ਤੇ ਪੰਚਾਇਤ ਅਤੇ ਸਮੂਹ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਮਰਿੰਦਰ ਨੇ ਦੱਸਿਆ ਕਿ 95 ਕਿਲੋ ਬੈਂਚ ਪ੍ਰੈੱਸ ਤੇ 160 ਕਿਲੋ ਡੈੱਡ ਲਿਫਟ ਮੁਕਾਬਲੇ ਵਿਚ ਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖਿਡਾਰੀ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਕਿੱਤੇ ਵਜੋਂ ਰਾਜ ਮਿਸਤਰੀ ਹੈ। ਦੁਬਈ ਵਿੱਚ ਹੋਏ ਮੁਕਾਬਲੇ ’ਚ ਉਸ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਟਿਕਟ ਲਈ। ਅਮਰਿੰਦਰ ਸਿੰਘ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਜੇਕਰ ਪੇਂਡੂ ਖੇਤਰ ਵਿਚ ਰਹਿੰਦੇ ਗਰੀਬ ਖਿਡਾਰੀਆਂ ਲਈ ਸਰਕਾਰ ਨੌਕਰੀ ਜਾਂ ਢੁੱਕਵੇਂ ਕੋਚ ਤੇ ਖੁਰਾਕ ਦਾ ਪ੍ਰਬੰਧ ਕਰੇ ਤਾਂ ਹੋਰ ਵੀ ਵੱਡੀਆਂ ਉਪਲਬੱਧੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।