ਪੱਤਰ ਪ੍ਰੇਰਕ
ਸਮਰਾਲਾ, 12 ਅਕਤੂਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿੱਚ ਲੇਖਕ ਮੰਚ ਸਮਰਾਲਾ ਵੱਲੋਂ ਕਹਾਣੀਕਾਰ ਡਾ. ਗੁਲਜ਼ਾਰ ਮੁਹੰਮਦ ਗੋਰੀਆ ਨੂੰ ਸਮਰਪਿਤ ਮਾਸਿਕ ਮੀਟਿੰਗ ਕੀਤੀ ਗਈ। ਲੇਖਕ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਗ਼ਜ਼ਲਗੋ ਨਿਰੰਜਨ ਸੂਖਮ ਨੇ ਕਿਹਾ ਕਿ ਡਾ. ਗੋਰੀਆ ਨੇ ਕਥਾ ਸਾਹਿਤ ਵਿੱਚ ਦੱਬੇ-ਕੁਚਲੇ ਵਰਗ ਦੇ ਲੋਕਾਂ ਦੀ ਜ਼ਿੰਦਗੀ ਦੇ ਕਠਿਨ ਪੱਖ ਨੂੰ ਉਭਾਰਿਆ। ਉਨ੍ਹਾਂ ਕਿਹਾ ਡਾ. ਗੋਰੀਆ ਇਕ ਬਹੁ-ਪੱਖੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਜ਼ਿੰਦਗੀ ਦੀਆਂ ਤਲਖੀਆਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਪਰ ਕਦੇ ਵੀ ਹਾਰ ਨਹੀਂ ਮੰਨੀ। ਇਸ ਮੌਕੇ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਵੀ ਸੰਬੋਧਨ ਕੀਤਾ। ਰਚਨਾਵਾਂ ਦੇ ਦੌਰ ਵਿੱਚ ਮੈਨੇਜਰ ਕਰਮਚੰਦ ਨੇ ਆਪਣੀ ਕਵਿਤਾ ਪੇਸ਼ ਕੀਤੀ। ਅਵਤਾਰ ਸਿੰਘ ਉਟਾਲਾਂ ਨੇ ਨਜ਼ਮ, ਅਮਨ ਅਤੇ ਜੱਸੀ ਢਿੱਲਵਾਂ ਨੇ ਗੀਤ ਪੇਸ਼ ਕੀਤੇ। ਪ੍ਰਸਿੱਧ ਲੇਖਕ ਕਮਲਜੀਤ ਸਿੰਘ ਨੀਲੋਂ, ਰੁਪਿੰਦਰਪਾਲ ਸਿੰਘ ਗਿੱਲ ਨੇ ਕਹਾਣੀ ਸੁਣਾਈ। ਰਚਨਾਵਾਂ ’ਤੇ ਲੇਖਕਾਂ ਨੇ ਉਸਾਰੂ ਬਹਿਸ ਕੀਤੀ ਅਤੇ ਸੁਝਾਅ ਵੀ ਪੇਸ਼ ਕੀਤੇ। ਬਹਿਸ ਵਿੱਚ ਮਾਸਟਰ ਤਰਲੋਚਨ ਸਿੰਘ, ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਗੁਰਭਗਤ ਸਿੰਘ ਗਿੱਲ, ਨਿਰੰਜਨ ਸੂਖਮ, ਸ਼੍ਰੋਮਣੀ ਬਾਲ ਪੁਰਸਕਾਰ ਵਿਜੇਤਾ ਕਮਲਜੀਤ ਸਿੰਘ ਨੀਲੋਂ ਅਤੇ ਹਰਨਾਮ ਸਿੰਘ ਡੱਲਾ ਨੇ ਭਾਗ ਲਿਆ।