ਸਤਵਿੰਦਰ ਬਸਰਾ
ਲੁਧਿਆਣਾ, 28 ਸਤੰਬਰ
ਵਿਸ਼ਵ ਟੂਰਿਜ਼ਮ ਡੇਅ ਸਬੰਧੀ ਇਥੋਂ ਦੇ ਨਿਓਪੋਲੀਸ ਐਮਬੀਡੀ ਮਾਲ ਵਿੱਚ ਲਾਈ ਗਈ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨ ਅੱਜ ਸਮਾਪਤ ਹੋ ਗਈ। ਇਸ ਨੁਮਾਇਸ਼ ਵਿੱਚ ਸ਼ਹਿਰ ਦੀਆਂ ਵੱਖ-ਵੱਖ ਅਖਬਾਰਾਂ ਦੇ ਫੋਟੋ ਪੱਤਰਕਾਰਾਂ ਦੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਇਹ ਨੁਮਾਇਸ਼ ਐੱਮਬੀਡੀ ਮਾਲ ਅਤੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਾਈ ਗਈ ਸੀ। ਨੁਮਾਇਸ਼ ਦੇ ਸਮਾਪਤੀ ਸਮਾਗਮ ਦੌਰਾਨ ਐਮਬੀਡੀ ਮਾਲ ਦੇ ਜੀਐੱਮ ਪ੍ਰਿਆ ਦਰਸੀ ਅਤੇ ਰੈਡੀਸਨ ਹੋਟਲ ਦੇ ਜੀਐਮ ਅਭੈ ਕੁਮਾਰ ਨੇ ਨੁਮਾਇਸ਼ ਵਿੱਚ ਹਿੱਸਾ ਲੈਣ ਵਾਲੇ ਫੋਟੋ ਪੱਤਰਕਾਰਾਂ ਨੂੰ ਟਰਾਫੀਆਂ ਦੇ ਕਿ ਸਨਮਾਨਿਤ ਕੀਤਾ। ਇਸ ਦੌਰਾਨ ਸ੍ਰੀ ਅਭੈ ਨੇ ਕਿਹਾ ਕਿ ਜਿਸ ਮਕਸਦ ਨਾਲ ਨੁਮਾਇਸ਼ ਲਾਈ ਗਈ ਸੀ, ਉਹ ਇਸ ਨੇ ਬਾਖੂਬੀ ਪੂਰਾ ਕੀਤਾ ਹੈ। ਇਸ ਮੌਕੇ ਨੁਮਾਇਸ਼ ਦੇ ਕੋਆਰਡੀਨੇਟਰ ਸੰਦੀਪ ਦੂਆ ਨੇ ਕਿਹਾ ਕਿ ਇਸ ਨੁਮਾਇਸ਼ ਨੂੰ ਲੁਧਿਆਣਾ ਦੇ ਕਲਾ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਗੁਰਮੀਤ ਸਿੰਘ ਤੇ ਕੁਲਦੀਪ ਕਾਲਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਅਜਿਹੀਆਂ ਨੁਮਾਇਸ਼ਾਂ ਰਾਹੀਂ ਫੋਟੋ ਪ੍ਰੇਮੀਆਂ ਸਾਹਮਣੇ ਕੁੱਝ ਵੱਖਰਾ ਪੇਸ਼ ਕੀਤਾ ਜਾਵੇ। ਜ਼ਿਕਰਯੋਗ ਹੈ ਇਸ ਨੁਮਾਇਸ਼ ਵਿੱਚ 15 ਦੇ ਕਰੀਬ ਫੋਟੋ ਪੱਤਰਕਾਰਾਂ ਦੀਆਂ ਦੋ ਦਰਜਨ ਦੇ ਕਰੀਬ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਵਧੀਆ ਪ੍ਰਬੰਧਾਂ ਲਈ ਐਮਬੀਡੀ ਮਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।