ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਅਗਸਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਵੱਲੋਂ ਭਾਰਤ ਦੀ ਮਾਇਕਰੋਬਾਇਲਜਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਰਾਸ਼ਟਰੀ ਪੱਧਰ ਦੀ ਆਨਲਾਈਨ-ਆਫਲਾਈਨ ਕਾਰਜਸ਼ਾਲਾ ਕਰਵਾਈ। ਇਸ ਦਾ ਵਿਸ਼ਾ ‘ਵਿਗਿਆਨਕ ਲੇਖਣੀ ਲਈ ਨੈਤਿਕ ਵਿਚਾਰ ਸੂਝ’ ਸੀ। ਕਾਰਜਸ਼ਾਲਾ ਨੂੰ ਵੱਡਾ ਹੁੰਗਾਰਾ ਮਿਲਿਆ ਅਤੇ 13 ਸੂਬਿਆਂ ਉਤਰ ਪ੍ਰਦੇਸ਼, ਹਰਿਆਣਾ, ਕਰਨਾਟਕਾ, ਮੱਧ ਪ੍ਰਦੇਸ਼, ਗੁਜਰਾਤ, ਮਨੀਪੁਰ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਂਰਾਸ਼ਟਰ, ਗੋਆ, ਪੰਜਾਬ ਅਤੇ ਦਿੱਲੀ ਤੋਂ 25 ਉਮੀਦਵਾਰਾਂ ਨੇ ਇਸ ਵਿਚ ਹਿੱਸਾ ਲਿਆ।
ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਡੀਨ ਅਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਯਸ਼ਪਾਲ ਸਿੰਘ ਮਲਿਕ ਨੇ ਕਿਹਾ ਕਿ ਸਾਨੂੰ ਵਿਗਿਆਨਕ ਪ੍ਰਕਾਸ਼ਨਾਵਾਂ ਸਬੰਧੀ ਨੈਤਿਕ ਮੁੱਦਿਆਂ ਨੂੰ ਜ਼ਰੂਰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਤਿੰਨ ਉੱਘੇ ਮਾਹਿਰਾਂ ਨੀਪਾ ਪਬਲਿਸ਼ਰਜ਼, ਨਵੀਂ ਦਿੱਲੀ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਸੁਮੀਤ ਜੈਨ, ਇੰਡੀਅਨ ਜਨਰਲ ਆਫ ਐਨੀਮਲ ਸਾਇੰਸਜ਼ ਦੇ ਸਾਬਕਾ ਸੰਪਾਦਕ ਡਾ. ਅਰੁਣ ਕੁਮਾਰ, ਕੇਂਦਰੀ ਖੋਜ ਸੰਸਥਾ, ਕਸੌਲੀ ਦੇ ਸਹਾਇਕ ਨਿਰਦੇਸ਼ਕ ਡਾ. ਅਬਲੇਸ਼ ਗੌਤਮ ਨੇ ਬਤੌਰ ਕ੍ਰਮਵਾਰ ਪ੍ਰਕਾਸ਼ਕ, ਸੰਪਾਦਕ ਅਤੇ ਵਿਗਿਆਨੀ ਦੇ ਤੌਰ ’ਤੇ ਇਸ ਵਿਸ਼ੇ ’ਤੇ ਚਾਨਣਾ ਪਾਇਆ। ਪ੍ਰਕਾਸ਼ਨ ਸੰਬੰਧੀ ਮੁੱਖ ਮਾਪਦੰਡਾਂ, ਖਰੜੇ ਦੀ ਵਿਭਿੰਨ ਤਰੀਕਿਆਂ ਨਾਲ ਵਿਉਂਤਬੰਦੀ, ਵਿਗਿਆਨਕ ਲੇਖਣੀ ਦੇ ਨਿਯਮ, ਸਪੱਸ਼ਟ ਲੇਖਣੀ, ਪੁਸਤਕ ਪ੍ਰਕਾਸ਼ਨਾ, ਈ-ਪੁਸਤਕ ਪ੍ਰਕਾਸ਼ਨ ਅਤੇ ਵਪਾਰਕ ਪਹਿਲੂਆਂ ਸੰਬੰਧੀ ਭਰਵੀਂ ਵਿਚਾਰ ਚਰਚਾ ਹੋਈ।
ਮਾਹਿਰਾਂ ਨੇ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਵਿਗਿਆਨਕ ਆਪਣਾ ਗਿਆਨ ਜ਼ਰੂਰ ਪ੍ਰਕਾਸ਼ਿਤ ਕਰਨ ਕਿਉਂਕਿ ਮੁਲਕ ਵਿਚ ਉੱਚ ਪੱਧਰ ਦੀ ਵਿਗਿਆਨਕ ਲੇਖਣੀ ਦੀ ਬਹੁਤ ਲੋੜ ਹੈ। ਡਾ. ਬੀ ਵੀ ਸੁਨੀਲ ਕੁਮਾਰ ਅਤੇ ਡਾ. ਨੀਰਜ ਕਸ਼ਯਪ ਨੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ।