ਗੁਰਿੰਦਰ ਸਿੰਘ
ਲੁਧਿਆਣਾ, 13 ਜੁਲਾਈ
ਲੋਕ ਅਧਿਕਾਰ ਲਹਿਰ ਵੱਲੋਂ ਪੰਜਾਬ ਦੀ ਪੁਨਰ ਸਿਰਜਣਾ ਦੇ ਉਦੇਸ਼ ਨੂੰ ਲੈ ਕੇ ਠੋਸ ਪ੍ਰੋਗਰਾਮ ਤਿਆਰ ਕਰਨ ਲਈ ਇਕ ਵਰਕਸ਼ਾਪ ਕਰਵਾਈ ਗਈ, ਜਿਸ ਵਿਚ 60 ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨੇ ਹਿੱਸਾ ਲਿਆ। ਡਾ. ਅੰਬੇਦਕਰ ਭਵਨ ਜਲੰਧਰ ਬਾਈਪਾਸ ਵਿੱਚ ਹੋਈ ਇਸ ਵਰਕਸ਼ਾਪ ਦੌਰਾਨ ਉੱਘੇ ਅਰਥ ਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ, ਇੰਜਨੀਅਰ ਬਲਦੇਵ ਸਿੰਘ ਸਰਾਂ, ਡਾ. ਗੁਰਇਕਬਾਲ ਸਿੰਘ, ਅੰਮ੍ਰਿਤਪਾਲ ਸਿੰਘ ਲੁਧਿਆਣਾ, ਰੁਪਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਆਮ ਲੋਕਾਂ ਦੀ ਸਲਾਹ ਨਾਲ ਲੋਕ ਅਧਿਕਾਰ ਲਹਿਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਉਮੀਦਵਾਰ ਐਲਾਨੇ ਜਾਣਗੇ ਤਾਂ ਜੋ ਪੰਜਾਬ ਦੇ ਪੁਨਰ ਨਿਰਮਾਣ ਲਈ ਤਿਆਰ ਕੀਤੇ ਜਾ ਰਹੇ ਏਜੰਡੇ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਲਈ ਹਲਕਾ ਵਾਰ 125 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਵਰਕਰਾਂ ਨੂੰ ਪੰਜਾਬ ਦੀ ਪੁਨਰ ਸਿਰਜਣਾ ਲਈ ਠੋਸ ਪ੍ਰੋਗਰਾਮ ਦੀ ਲੋੜ ’ਤੇ ਜ਼ੋਰ ਦਿੰਦਿਆਂ ਇਕ ਏਜੰਡਾ ਤਿਆਰ ਕਰਨ ਲਈ ਕਿਹਾ, ਜਿਸ ਨੂੰ ਲੋਕਾਂ ਤੱਕ ਲਿਜਾਣ ਲਈ ਇਮਾਨਦਾਰ, ਮਿਹਨਤੀ ਅਤੇ ਤਿਆਗੀ ਆਗੂਆਂ ਦੀ ਟੀਮ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਪ੍ਰਾਪਤੀ ਲਈ ਲੋਕ ਅਧਿਕਾਰ ਲਹਿਰ ਵੱਲੋਂ ਵੱਡੇ ਪੱਧਰ ’ਤੇ ਮੀਟਿੰਗਾਂ ਅਤੇ ਸੈਮੀਨਾਰ ਕਰਨ ਤੋਂ ਇਲਾਵਾ ਵਰਕਸ਼ਾਪਾਂ ਲਗਾ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।