ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਦਸੰਬਰ
ਇੱਥੇ ਲਿਨਫੌਕਸ ਕੰਪਨੀ ’ਚੋਂ ਨਾਜਾਇਜ਼ ਕੱਢੇ ਕਿਰਤੀਆਂ ਨੇ ਕੰਪਨੀ ਨਾਲ ਲੰਮੇ ਸਮੇਂ ਤੋਂ ਲਟਕੇ ਮਸਲਿਆਂ ਦੇ ਨਬਿੜੇ ਸਬੰਧੀ ਕੰਪਨੀ ਹੈੱਡ ਆਫ਼ਿਸ ਬੰਬਈ ਤੋਂ ਆਈ ਪ੍ਰਬੰਧਕੀ ਟੀਮ ਨੂੰ ਆਪਣੇ ਪਰਿਵਾਰਾਂ ਸਮੇਤ ਮੰਗ ਪੱਤਰ ਦਿੱਤਾ, ਪਰ ਪ੍ਰਬੰਧਕਾਂ ਵੱਲੋਂ ਮੰਗ ਪੱਤਰ ਨਾ ਲੈਣ ’ਤੇ ਰੋਸ ਰੈਲੀ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਇਸ ਮੌਕੇ ਹਰਿੰਦਰ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਮਲਕੀਤ ਸਿੰਘ ਨੇ ਮੈਨੇਜਮੈਂਟ ਦੇ ਮਜ਼ਦੂਰ ਦੋਖੀ ਹੈਂਕੜਬਾਜ਼ ਰਵੱਈਏ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਮਜ਼ਦੂਰਾਂ ਦੇ ਮੰਗਾਂ ਮਸਲਿਆਂ ਦਾ ਜਲਦ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੈਨੇਜਮੈਂਟ ਵੱਲੋਂ 8-10 ਸਾਲ ਤੋਂ ਤਨਦੇਹੀ ਨਾਲ ਕੰਮ ਕਰਦੇ ਕਾਮਿਆਂ ਨੂੰ ਸਾਜ਼ਿਸ਼ ਤਹਿਤ ਕੱਢਣ, ਚੰਗਾ ਰਵੱਈਆ ਬਾਂਡ ਦੇ ਨਾਂ ਹੇਠ ਸ਼ਰਤਨਾਮੇ ’ਤੇ ਦਸਤਖ਼ਤ, 10 ਦਿਨਾਂ ਦੀ ਤਨਖਾਹ ਕਟੌਤੀ, ਪੱਕੇ ਮੁਲਾਜ਼ਮਾਂ ਦੇ ਰੁਜ਼ਗਾਰ ’ਤੇ ਲੱਤ ਮਾਰਨ, ਮਾਣਹਾਨੀ ਤੇ ਮੁਆਵਜ਼ੇ ਝੂਠੇ ਕੇਸ ਰੱਦ ਕਰਨ, ਨਜਾਇਜ਼ ਕੱਢੇ ਕਿਰਤੀਆਂ ਨੂੰ ਬਹਾਲ ਕਰਨ ਤੇ ਕੱਚੇ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ। ਇਸ ਮੌਕੇ ਜਸਬੀਰ ਸਿੰਘ, ਬਲਵੰਤ ਸਿੰਘ, ਚਰਨਜੀਤ ਸਿੰਘ, ਗੁਰਦੀਪ ਸਿੰਘ ਮਦਨ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਮੰਗਾਂ ਸਬੰਧੀ ਅਗਲੇ ਘੋਲ ਨੂੰ ਤਿੱਖਾ ਕਰਨ ਲਈ ਇਲਾਕੇ ਵਿਚ ਵਿਸ਼ਾਲ ਲਾਮਬੰਦੀ ਕਰ ਕੇ ਹੱਥ ਪਰਚੇ ਵੰਡੇ ਜਾਣਗੇ।