ਗਗਨਦੀਪ ਅਰੋੜਾ
ਲੁਧਿਆਣਾ, 17 ਮਈ
ਜਨਕਪੁਰੀ ਸੂਫ਼ੀਆਂ ਚੌਕ ਸਥਿਤ ਇੱਕ ਫੈਕਟਰੀ ’ਚ ਕੰਮ ਕਰਨ ਵਾਲੇ ਮਜ਼ਦੂਰ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਜਦੋਂ ਉਸ ਦੀ ਮੌਤ ਦਾ ਪਤਾ ਵਰਕਰਾਂ ਨੂੰ ਲੱਗਿਆ ਤਾਂ ਉਨ੍ਹਾਂ ਫੈਕਟਰੀ ਮਾਲਕ ਖਿਲਾਫ਼ ਧਰਨਾ ਲਾ ਦਿੱਤਾ। ਮਜ਼ਦੂਰਾਂ ਨੇ ਦੋਸ਼ ਲਗਾਏ ਕਿ ਫੈਕਟਰੀ ਮਾਲਕ ਨੇ ਮਜ਼ਦੂਰ ਦਾ ਇਲਾਜ ਨਹੀਂ ਕਰਵਾਇਆ, ਇਸ ਕਰਕੇ ਉਸ ਦੀ ਮੌਤ ਹੋਈ ਹੈ। ਮਜ਼ਦੂਰਾਂ ਨੇ ਫੈਕਟਰੀ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਤੇ ਚੌਕੀ ਜਨਕਪੁਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਕਿਸੇ ਤਰ੍ਹਾਂ ਮਜ਼ਦੂਰਾਂ ਨੂੰ ਸਮਝਾਇਆ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਇਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਚੌਕੀ ਜਨਕਪੁਰੀ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਦੀ ਪਛਾਣ ਕ੍ਰਿਸ਼ਨਾ ਵਜੋਂ ਹੋਈ ਹੈ। ਜੋਕਿ ਸੂਫੀਆਂ ਚੌਕ ਸਥਿਤ ਇੱਕ ਹੌਜ਼ਰੀ ਫੈਕਟਰੀ ’ਚ ਕੰਮ ਕਰਦਾ ਸੀ ਤੇ ਉਥੇ ਬਣੇ ਕੁਆਟਰ ’ਚ ਰਹਿੰਦਾ ਸੀ। ਕ੍ਰਿਸ਼ਨਾ ਅਕਸਰ ਸ਼ਰਾਬ ਪੀਣ ਦਾ ਆਦੀ ਸੀ ਤੇ ਅਕਸਰ ਸ਼ਰਾਬ ਪੀਂਦਾ ਰਹਿੰਦਾ ਸੀ। ਸੋਮਵਾਰ ਨੂੰ ਵੀ ਉਸ ਨੇ ਜ਼ਿਆਦਾ ਸ਼ਰਾਬ ਪੀ ਰੱਖੀ ਸੀ। ਇਸ ਤੋਂ ਬਾਅਦ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ। ਮਾਲਕ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਣ ਲੱਗੇ ਤਾਂ ਉਸ ਦੀ ਰਸਤੇ ’ਚ ਹੀ ਮੌਤ ਹੋ ਗਈ। ਕ੍ਰਿਸ਼ਨਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਵਰਕਰਾਂ ਨੇ ਫੈਕਟਰੀ ਮਾਲਕ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰਕੇ ਧਰਨਾ ਲਾ ਦਿੱਤਾ। ਮਜ਼ਦੂਰਾਂ ਨੇ ਦੋਸ਼ ਲਗਾਏ ਕਿ ਉਸ ਦੀ ਸਿਹਤ ਵਿਗੜਣ ’ਤੇ ਵੀ ਫੈਕਟਰੀ ਮਾਲਕ ਉਸ ਨੂੰ ਇਲਾਜ ਲਈ ਨਹੀਂ ਲੈ ਕੇ ਗਿਆ। ਜਦੋਂ ਜ਼ਿਆਦਾ ਸਿਹਤ ਖ਼ਰਾਬ ਹੋਈ ਤਾਂ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਿਆ, ਜਿਥੇ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲੀਸ ਉੱਥੇ ਪੁੱਜ ਗਈ। ਫੈਕਟਰੀ ਮਾਲਕ ਤੋਂ ਸਾਰੇ ਮੁਆਵਜ਼ੇ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਸਾਰਿਆਂ ਨੂੰ ਸ਼ਾਂਤ ਕਰਵਾਇਆ।
ਪੁਲੀਸ ਦੇ ਭਰੋਸੇ ਮਗਰੋਂ ਮਜ਼ਦੂਰਾਂ ਨੇ ਧਰਨਾ ਚੁੱਕਿਆ
ਪੁਲੀਸ ਨੇ ਕਿਸੇ ਤਰ੍ਹਾਂ ਮਜ਼ਦੂਰਾਂ ਨੂੰ ਸਮਝਾਇਆ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਇਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਸ ਮਗਰੋਂ ਮਜ਼ਦੂਰਾਂ ਦਾ ਗੁੱਸਾ ਸ਼ਾਂਤ ਹੋਇਆ ਤੇ ਉਨ੍ਹਾਂ ਧਰਨਾ ਚੁੱਕ ਦਿੱਤਾ।