ਦੋਰਾਹਾ: ਇੱਥੋਂ ਦੀ ਫਰੀਮੈਨਸ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਦੋ ਮਹੀਨੇ ਤੋਂ ਮੁਅਤਲ ਕੀਤੇ ਛੇ ਕਿਰਤੀਆਂ ਨੂੰ ਬਿਨਾਂ ਸ਼ਰਤ ਬਹਾਲ ਕਰਨ ਤੇ ਕਿਰਤੀਆਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਗਵਾਹਾਂ ਨੂੰ ਡਰਾਉਣ ਦੀ ਸ਼ਿਕਾਇਤ ਥਾਣੇ ’ਚ ਦਰਜ ਕਰਵਾਉਣ ਨੂੰ ਹਰਜਿੰਦਰ ਸਿੰਘ ਅਤੇ ਜੀਐਸ ਜੌਹਰੀ ਨੇ ਝੂਠ ਦਾ ਪੁਲੰਦਾ ਕਰਾਰ ਦਿੱਤਾ। ਉਨ੍ਹਾਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਪ੍ਰਬੰਧਕਾਂ ’ਤੇ ਦੋਸ਼ ਲਾਇਆ ਕਿ ਉਹ ਪਹਿਲਾਂ ਖ਼ੁਦ ਹੀ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਕਾਮਿਆਂ ਦੀ ਅੰਨੀ ਲੁੱਟ ਕਰ ਰਹੇ ਹਨ। ਪਿਛਲੇ ਨੌਂ ਵਰ੍ਹਿਆਂ ਤੋਂ ਤਨਖ਼ਾਹਾਂ ’ਚ ਵਾਧਾ ਰੋਕਿਆ ਹੋਇਆ ਹੈ ਸਾਲਾਨਾ ਬੋਨਸ ਵੀ ਨਹੀਂ ਦਿੱਤਾ ਗਿਆ। ਮਜ਼ਦੂਰ ਆਗੂਆਂ ਨੇ ਫ਼ੈਸਲਾ ਕੀਤਾ ਕਿ ਜੇ ਉਨ੍ਹਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। -ਪੱਤਰ ਪ੍ਰੇਰਕ