ਰਾਮ ਗੋਪਾਲ ਰਾਏਕੋਟੀ
ਰਾਏਕੋਟ, 23 ਦਸੰਬਰ
ਨਗਰ ਕੌਂਸਲ ਰਾਏਕੋਟ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਸ਼ਹਿਰ ’ਚ ਕਈ ਵਿਕਾਸ ਕਾਰਜ ਚੱਲ ਰਹੇ ਹਨ, ਜਿਸ ਤਹਿਤ ਸ਼ਹਿਰ ਵਿਚ ਦਾਖਲ ਹੋਣ ਵਾਲੇ ਮੁੱਖ ਮਾਰਗਾਂ ’ਤੇ ਸ਼ਾਨਦਾਰ ਗੇਟ ਉਸਾਰੇ ਜਾਣੇ ਹਨ, ਇਨ੍ਹਾਂ ਦੀ ਉਸਾਰੀ ਦੀ ਸ਼ੁਰੂਆਤ ਅੱਜ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਵੱਲੋਂ ਲੁਧਿਆਣਾ ਰੋਡ ਤੋਂ ਕਰਵਾਈ ਗਈ। ਇਸ ਮੌਕੇ ਕਾਮਿਲ ਬੋਪਾਰਾਏ ਨੇ ਕਿਹਾ ਕਿ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵੱਡੀ ਪੱਧਰ ’ਤੇ ਗ੍ਰਾਂਟਾਂ ਜਾਰੀ ਹੋਈਆਂ ਹਨ। ਇਸੇ ਤਹਿਤ ਸ਼ਹਿਰ ’ਚ ਦਾਖਲ ਹੋਣ ਵਾਲੇ ਪੰਜ ਮੁੱਖ ਮਾਰਗਾਂ ਤੇ ਸਵਾਗਤੀ ਗੇਟ ਬਣਾਏ ਜਾ ਰਹੇ ਹਨ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ, ਬਰਨਾਲਾ, ਜਗਰਾਓਂ, ਮਾਲੇਰਕੋਟਲਾ ਅਤੇ ਸਰਾਭਾ ਰੋਡ ’ਤੇ ਇਹ ਸਵਾਗਤੀ ਗੇਟ ਬਣਾਏ ਜਾ ਰਹੇ ਹਨ, ਜਿਸ ਤੇ 25 ਲੱਖ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਸਵਾਗਤੀ ਗੇਟ ਬਣਾਉਣ ਦੇ ਕੰਮ ਨੂੰ 15 -20 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਐੱਸਓ ਮਨਪ੍ਰੀਤ ਸਿੰਘ, ਕੌਂਸਲਰ ਗੁਰਜੰਟ ਸਿੰਘ, ਕੌਂਸਲਰ ਮੁਹੰਮਦ ਇਮਰਾਨ ਹਾਜ਼ਰ ਸਨ।