ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਨਵੰਬਰ
ਲੁਧਿਆਣਾ ਵਿੱਚ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰ ਖੋਲ੍ਹੇ ਗਏ ਹਨ। ਸਥਾਨਕ ਤਾਜਪੁਰ ਰੋਡ ’ਤੇ ਬਣੇ ਸੇਵਾ ਕੇਂਦਰ ਬਾਹਰ ਆਏ ਦਿਨ ਕੰਮ ਕਰਵਾਉਣ ਵਾਲੇ ਲੋਕਾਂ ਦੀ ਭੀੜ ਲੱਗੀ ਦੇਖੀ ਜਾ ਸਕਦੀ ਹੈ। ਇਸ ਭੀੜ ਦੇ ਕਈ ਕਾਰਨ ਹਨ ਪਰ ਅਹਿਮ ਇਹ ਕਿ ਇੱਥੇ ਕਈ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੁੰਦੀ। ਅਜਿਹੇ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਮੁੱਖ ਕਾਰਨ ਤਾਜਪੁਰ ਰੋਡ ਦੇ ਆਸ-ਪਾਸ ਗਰੀਬ ਅਤੇ ਮਜ਼ਦੂਰ ਤਬਕਾ ਦਾ ਘੱਟ ਪੜ੍ਹਿਆ ਲਿਖਿਆ ਜਾਂ ਅਨਪੜ੍ਹ ਹੋਣਾ ਹੈ, ਜਿਸ ਕਾਰਨ ਆਨਲਾਈਨ ਰਜਿਸਟਰੇਸ਼ਨ ਜਾਂ ਹੋਰ ਸਬੰਧਤ ਫਾਰਮਾਂ ਸਬੰਧੀ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ। ਇਹੋ ਵਜ੍ਹਾ ਹੈ ਕਿ ਉਨ੍ਹਾਂ ਨੂੰ ਇੱਕ ਕੰਮ ਲਈ ਸੇਵਾ ਕੇਂਦਰਾਂ ਦੇ ਕਈ-ਕਈ ਗੇੜੇ ਲਗਾਉਣੇ ਪੈਂਦੇ ਹਨ। ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਦਾ ਕਹਿਣਾ ਕਿ ਸਬੰਧਤ ਸੇਵਾ ਕੇਂਦਰ ’ਤੇ ਕੰਮ ਦਾ ਬੋਝ ਵੱਧ ਹੈ ਇਸ ਲਈ ਪ੍ਰਸ਼ਾਸਨ ਨੂੰ ਇਸੇ ਦੇ ਨੇੜੇ ਇੱਕ ਹੋਰ ਸੇਵਾ ਕੇਂਦਰ ਖੋਲ੍ਹ ਦੇਣਾ ਚਾਹੀਦਾ ਹੈ।